ਜਕਾਰਤਾ, 8 ਸਤੰਬਰ
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਭੀੜ-ਭਾੜ ਵਾਲੀ ਜੇਲ੍ਹ ਵਿੱਚ ਅੱਜ ਸਵੇਰੇ ਅੱਗ ਲੱਗ ਗਈ, ਜਿਸ ਵਿੱਚ 41 ਕੈਦੀਆਂ ਦੀ ਮੌਤ ਹੋ ਗਈ, ਜਦੋਂਕਿ 80 ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਦੋ ਵਿਦੇਸ਼ੀ ਨਾਗਰਿਕ ਵੀ ਸਨ, ਜੋ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਸਨ। ਅੱਗ ’ਤੇ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ ਪਾਇਆ ਗਿਆ। ਕੈਦੀਆਂ ਨੂੰ ਭੱਜਣ ਤੋਂ ਰੋਕਣ ਲਈ ਜੇਲ੍ਹ ਦੇ ਆਲੇ-ਦੁਆਲੇ ਪੁਲੀਸ ਅਤੇ ਫੌਜ ਦੇ ਸੈਂਕੜੇ ਜਵਾਨ ਤਾਇਨਾਤ ਕੀਤੇ ਗਏ ਸਨ। ਟੈਲੀਵਿਜ਼ਨ ’ਤੇ ਪ੍ਰਸਾਰਿਤ ਫੁਟੇਜ ਵਿੱਚ ਵੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ’ਤੇ ਕਾਬੂ ਪਾਉਣ ਲਈ ਜੂਝਦੇ ਦਿਸੇ ਅਤੇ ਕੰਪਲੈਕਸ ਵਿੱਚੋਂ ਕਾਲਾ ਧੂੰਆਂ ਨਿਕਲਦਾ ਨਜ਼ਰ ਆਇਆ। -ਏਪੀ