ਵਾਸ਼ਿੰਗਟਨ, 11 ਦਸੰਬਰ
ਅਮਰੀਕੀ ਹਵਾਈ ਸੈਨਾ ਦੇ ਕਰਨਲ ਭਾਰਤੀ ਮੂਲ ਦੇ ਰਾਜਾ ਜੋਨ ਵੁਰਪੁਤੂਰ ਚਾਰੀ ਉਨ੍ਹਾਂ 18 ਪੁਲਾੜ ਯਾਤਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ‘ਨਾਸਾ’ ਨੇ ਚੰਦ ਉਤੇ ਭੇਜੇ ਜਾਣ ਵਾਲੇ ਮਨੁੱਖੀ ਮਿਸ਼ਨ ਲਈ ਚੁਣਿਆ ਹੈ। ਅਮਰੀਕੀ ਪੁਲਾੜ ਏਜੰਸੀ ਵੱਲੋਂ ਚੁਣੇ 18 ਜਣਿਆਂ ’ਚੋਂ ਅੱਧੀਆਂ ਔਰਤਾਂ ਹਨ। ਇਸ ਪ੍ਰੋਗਰਾਮ ਤਹਿਤ ਪਹਿਲੀ ਔਰਤ ਤੇ ਅਗਲੇ ਪੁਰਸ਼ ਨੂੰ 2024 ਵਿਚ ਚੰਦ ਉਤੇ ਭੇਜਣ ਦੀ ਯੋਜਨਾ ਹੈ। ਦਹਾਕੇ ਦੇ ਅਖ਼ੀਰ ਤੱਕ ਸਥਾਈ ਤੌਰ ’ਤੇ ਚੰਦ ਉਤੇ ਮਨੁੱਖੀ ਮੌਜੂਦਗੀ ਲਈ ਯਤਨ ਕੀਤੇ ਜਾਣਗੇ। ਨਾਸਾ ਲਈ ਇਹ 18 ਜਣੇ ‘ਅਰਟੇਮਿਸ ਮੂਨ-ਲੈਂਡਿੰਗ ਪ੍ਰੋਗਰਾਮ’ ਦੀ ਸਿਖ਼ਲਾਈ ਲੈਣਗੇ। ਚਾਰੀ (43) ਅਮਰੀਕੀ ਏਅਰ ਫੋਰਸ ਅਕਾਦਮੀ ਦਾ ਗ੍ਰੈਜੂਏਟ ਹੈ। ਇਸ ਤੋਂ ਇਲਾਵਾ ਉਹ ਵੱਕਾਰੀ ਮੈਸਾਚੁਐਸਟਸ ਤਕਨਾਲੋਜੀ ਸੰਸਥਾ (ਐਮਆਈਟੀ) ਤੇ ‘ਯੂਐੱਸ ਨੇਵਲ ਟੈਸਟ ਪਾਇਲਟ ਸਕੂਲ’ ਤੋਂ ਵੀ ਸਿਖ਼ਲਾਈ ਹਾਸਲ ਕਰ ਚੁੱਕਾ ਹੈ। ਸੂਚੀ ਵਿਚ ਥਾਂ ਬਣਾਉਣ ਵਾਲਾ ਉਹ ਇਕੋ-ਇਕ ਭਾਰਤੀ ਹੈ। ਚਾਰੀ ਨੂੰ ਨਾਸਾ ਨੇ 2017 ਦੀ ਪੁਲਾੜ ਯਾਤਰੀ ਕਲਾਸ ਲਈ ਚੁਣਿਆ ਸੀ।
-ਪੀਟੀਆਈ