ਪੇਈਚਿੰਗ, 9 ਮਈ
ਚੀਨ ਨੇ ਅੱਜ ਆਸ ਜਤਾਈ ਕਿ ਭਾਰਤ ਚੀਨੀ ਕੰਪਨੀਆਂ ਲਈ ‘ਨਿਰਪੱਖ ਵਾਤਾਵਰਨ’ ਯਕੀਨੀ ਬਣਾਏਗਾ ਤੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨੀ ਮੋਬਾਈਲ ਕੰਪਨੀ ਸ਼ਾਓਮੀ ਖ਼ਿਲਾਫ਼ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਚੀਨ ਦੇ ਵਿਦੇਸ਼ ਮੰਤਰੀ ਝਾਓ ਲਿਜਿਆਨ ਨੇ ਕਿਹਾ ਕਿ ਉਹ ‘ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।’ ਸ਼ਾਓਮੀ ਦੇ ਚੋਟੀ ਦੇ ਅਧਿਕਾਰੀਆਂ ਨੇ ਭਾਰਤੀ ਜਾਂਚ ਏਜੰਸੀ ਉਤੇ ‘ਕੁੱਟਮਾਰ’ ਦਾ ਦੋਸ਼ ਲਾਇਆ ਸੀ। ਈਡੀ ਨੇ ਕੰਪਨੀ ਅਧਿਕਾਰੀਆਂ ਵੱਲੋਂ ਲਾਏ ਦੋਸ਼ਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਸੀ। ਝਾਓ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਾਰਤ ਕਾਨੂੰਨ ਦੇ ਘੇਰੇ ਵਿਚ ਜਾਂਚ ਕਰ ਕੇ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਹਮੇਸ਼ਾ ਦੇਸ਼ ਤੋਂ ਬਾਹਰ ਕਾਰੋਬਾਰ ਕਰ ਰਹੀਆਂ ਆਪਣੀਆਂ ਕੰਪਨੀਆਂ ਨੂੰ ਕਾਨੂੰਨਾਂ ਤੇ ਸਥਾਨਕ ਨੇਮਾਂ ਦੀ ਪਾਲਣਾ ਕਰਨ ਲਈ ਕਹਿੰਦੀ ਹੈ। ਪਰ ਇਸ ਦੇ ਨਾਲ ਹੀ ਇਹ ਕੰਪਨੀਆਂ ਦੇ ਹੱਕਾਂ ਤੇ ਹਿੱਤਾਂ ਦਾ ਵੀ ਦ੍ਰਿੜ੍ਹਤਾ ਨਾਲ ਪੱਖ ਪੂਰਦੀ ਹੈ। -ਪੀਟੀਆਈ