ਦੁਬਈ, 5 ਅਕਤੂਬਰ
ਦੁਬਈ ਦੇ ਜੇਬਲ ਅਲੀ ਪਿੰਡ ’ਚ ਸ਼ਾਨਦਾਰ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਮੰਦਰ ਭਾਰਤੀ ਤੇ ਅਰਬੀ ਇਮਾਰਤਸਾਜ਼ੀ ਦਾ ਸੁਮੇਲ ਹੈ। ਇਸ ਰਾਹੀਂ ਸਹਿਣਸ਼ੀਲਤਾ, ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੰਦਰ ਦਾ ਉਦਘਾਟਨ ਅੱਜ ਯੂਏਈ ਦੇ ਮੰਤਰੀ ਸ਼ੇਖ ਨਾਹਯਨ ਬਿਨ ਮੁਬਾਰਕ ਅਲ ਨਾਹਯਨ ਤੇ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਕੀਤਾ। ਭਾਰਤੀ ਸਫ਼ੀਰ ਨੇ ਇਸ ਮੌਕੇ ਯੂਏਈ ਸਰਕਾਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ। ਉਦਘਾਟਨ ਮੌਕੇ ਅੱਜ ਪੁਜਾਰੀਆਂ ਨੇ ‘ਓਮ ਸ਼ਾਂਤੀ ਸ਼ਾਂਤੀ ਓਮ’ ਮੰਤਰ ਦਾ ਜਾਪ ਕੀਤਾ। ਸੰਗੀਤਕਾਰਾਂ ਨੇ ਇਸ ਮੌਕੇ ਤਬਲਾ ਤੇ ਢੋਲ ਵਜਾਇਆ। ਜੇਬਲ ਅਲੀ ਵਿਚ ਹੁਣ ਨੌਂ ਧਾਰਮਿਕ ਸਥਾਨ ਹਨ ਜਿਨ੍ਹਾਂ ਵਿਚ ਸੱਤ ਚਰਚ ਤੇ ਗੁਰੂ ਨਾਨਕ ਦਰਬਾਰ ਸਿੱਖ ਗੁਰਦੁਆਰਾ ਵੀ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿੰਦੂ ਮੰਦਰ ਦੁਬਈ ਦੇ ਟਰੱਸਟੀ ਰਾਜੂ ਸ਼ਰੌਫ ਵੀ ਹਾਜ਼ਰ ਸਨ। ਉਦਘਾਟਨ ਸਮਾਰੋਹ ਵਿਚ ਵੱਖ-ਵੱਖ ਮੁਲਕਾਂ ਦੇ ਸਫ਼ੀਰਾਂ, ਵੱਖ-ਵੱਖ ਫ਼ਿਰਕਿਆਂ ਦੇ ਧਾਰਮਿਕ ਆਗੂਆਂ, ਕਾਰੋਬਾਰੀ ਸ਼ਖ਼ਸੀਅਤਾਂ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ। ਨਵਾਂ ਮੰਦਰ ਗੁਰਦੁਆਰੇ ਦੇ ਬਿਲਕੁਲ ਨਾਲ ਸਥਿਤ ਹੈ ਜਿਸ ਦਾ ਉਦਘਾਟਨ 2012 ਵਿਚ ਹੋਇਆ ਸੀ। 70 ਹਜ਼ਾਰ ਸਕੁਏਅਰ ਫੁੱਟ ਵਿਚ ਬਣੇ ਮੰਦਰ ਦੀ ਉਸਾਰੀ ਬਾਰੇ ਐਲਾਨ 2020 ਵਿਚ ਹੋਇਆ ਸੀ। -ਪੀਟੀਆਈ