ਇਸਲਾਮਾਬਾਦ, 1 ਸਤੰਬਰ
ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ 12 ਸਤੰਬਰ ਤੱਕ ਵਧਾ ਦਿੱਤੀ। ਉਨ੍ਹਾਂ ਵਿਰੁੱਧ ਰਾਜਧਾਨੀ ਵਿਚ ਇਕ ਰੈਲੀ ਦੌਰਾਨ ਪੁਲੀਸ, ਨਿਆਂਪਾਲਿਕਾ ਅਤੇ ਹੋਰਨਾਂ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਹੇਠ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਕਸਪ੍ਰੈੱਸ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਜੱਜ ਰਾਜਾ ਜਾਵੇਦ ਅੱਬਾਸ ਹਸਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਮੁਖੀ ਨੂੰ ਇਕ ਲੱਖ ਰੁਪਏ ਦੀ ਗਾਰੰਟੀ ’ਤੇ ਜ਼ਮਾਨਤ ਦਿੱਤੀ ਹੈ। ਪਿਛਲੇ ਮਹੀਨੇ ਇਸਲਾਮਾਬਾਦ ਵਿੱਚ ਇੱਕ ਰੈਲੀ ਦੌਰਾਨ, 69 ਸਾਲਾ ਇਮਰਾਨ ਖਾਨ ਨੇ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਨਾਲ ਕੀਤੇ ਗਏ ਸਲੂਕ ਨੂੰ ਲੈ ਕੇ ਉੱਚ ਪੁਲੀਸ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਸੀ। -ਏਜੰਸੀ