ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਵਧੀਕ ਸੈਸ਼ਨ ਜੱਜ ਜ਼ੇਬਾ ਚੌਧਰੀ ਤੋਂ ਨਿੱਜੀ ਤੌਰ ’ਤੇ ਮੁਆਫ਼ੀ ਮੰਗਣ ਲਈ ਇੱਥੇ ਇੱਕ ਸੈਸ਼ਨ ਅਦਾਲਤ ’ਚ ਪੇਸ਼ ਹੋਏ। ਇਮਰਾਨ ਨੇ ਇੱਕ ਜਨਤਕ ਰੈਲੀ ਦੌਰਾਨ ਮਹਿਲਾ ਜੱਜ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੀ ਸੀ। ‘ਡਾਅਨ’ ਅਖ਼ਬਾਰ ਦੀ ਖ਼ਬਰ ਅਨੁਸਾਰ ਇਮਰਾਨ ਖਾਨ ਤੇ ਉਸ ਦੇ ਵਕੀਲ ਸਬੰਧਤ ਜੱਜ ਦੀ ਅਦਾਲਤ ’ਚ ਪੇਸ਼ ਹੋਏ। ਹਾਲਾਂਕਿ ਜੱਜ ਦੇ ਕਰਮਚਾਰੀਆਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਨੂੰ ਸੂਚਿਤ ਕੀਤਾ ਕਿ ਜੁਡੀਸ਼ਲ ਮੈਜਿਸਟਰੇਟ ਛੁੱਟੀ ’ਤੇ ਹਨ। ਇਸ ਤੋਂ ਬਾਅਦ ਇਮਰਾਨ ਨੇ ਜੱਜ ਦੇ ਕੋਰਟ ਰੀਡਰ ਚੌਧਰੀ ਯਾਸਿਰ ਅਯਾਜ਼ ਕੋਲ ਆਪਣਾ ਸੁਨੇਹਾ ਛੱਡਿਆ। -ਪੀਟੀਆਈ