ਕੋਲੰਬੋ, 18 ਜੂਨ
ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਸ੍ਰੀਲੰਕਾ ਸਰਕਾਰ ਨੇ ਈਂਧਣ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ ਹਫ਼ਤੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅਖ਼ਬਾਰ ‘ਡੇਲੀ ਮਿਰਰ’ ਮੁਤਾਬਕ, ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਲੋਕ ਪ੍ਰਸ਼ਾਸਨ ਤੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਰਕੁਲਰ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ, ‘‘ਈਂਧਣ ਸਪਲਾਈ ਦੀ ਗੰਭੀਰ ਸਮੱਸਿਆ, ਸੀਮਤ ਆਵਾਜਾਈ ਪ੍ਰਬੰਧ ਅਤੇ ਨਿੱਜੀ ਵਾਹਨਾਂ ਦੀ ਵਰਤੋਂ ਵਿੱਚ ਆ ਰਹੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆ ਇਹ ਸਰਕੁਲਰ ਘੱਟ ਤੋਂ ਘੱਟ ਸਟਾਫ਼ ਨੂੰ ਸੋਮਵਾਰ ਤੋਂ ਕੰਮ ’ਤੇ ਆਉਣ ਦੀ ਇਜਾਜ਼ਤ ਦਿੰਦਾ ਹੈ।’’ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ, ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮ ਲਗਾਤਾਰ ਕੰਮ ’ਤੇ ਆਉਣਗੇ। -ਪੀਟੀਆਈ
ਬੰਜਰ ਜ਼ਮੀਨ ’ਤੇ ਖੇਤੀ ਕਰੇਗੀ ਸ੍ਰੀਲੰਕਾਈ ਫ਼ੌਜ
ਕੋਲੰਬੋ: ਸ੍ਰੀਲੰਕਾ ਦੀ ਫ਼ੌਜ ਖ਼ੁਰਾਕ ਪੈਦਾਵਾਰ ਨੂੰ ਵਧਾਉਣ ਅਤੇ ਭਵਿੱਖ ਵਿੱਚ ਅਨਾਜ ਦੀ ਘਾਟ ਨੂੰ ਦੂਰ ਕਰਨ ਲਈ 1500 ਏਕੜ ਤੋਂ ਵੱਧ ਬੰਜਰ ਜਾਂ ਛੱਡੀ ਗਈ ਸਰਕਾਰੀ ਜ਼ਮੀਨ ’ਤੇ ਖੇਤੀ ਕਰਨ ਲਈ ਖੇਤੀ ਮੁਹਿੰਮ ਵਿੱਚ ਹਿੱਸਾ ਲਵੇਗੀ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਹਕੂਮਤ ਤੋਂ 1948 ਵਿੱਚ ਆਜ਼ਾਦੀ ਮਗਰੋਂ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਵਿੱਚ ਫੌਜ ਨੇ ਖ਼ੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਸਹਿਯੋਗ ਤੇ ਉਤਸ਼ਾਹਿਤ ਕਰਨ ਲਈ ਗਰੀਨ ਐਗਰੀਕਲਚਰਲ ਸਟੀਅਰਿੰਗ ਕਮੇਟੀ (ਜੀਏਐੱਸਸੀ) ਬਣਾਈ ਸੀ। ਆਰਥਿਕ ਸੰਕਟ ਕਾਰਨ ਸ੍ਰੀਲੰਕਾ ਵਿੱਚ ਖ਼ੁਰਾਕੀ ਵਸਤੂਆਂ, ਦਵਾਈ, ਰਸੋਈ ਗੈਸ, ਈਂਧਣ ਅਤੇ ਟਾਇਲਟ ਪੇਪਰ ਵਰਗੀਆਂ ਜ਼ਰੂਰੀ ਵਸਤੂਆਂ ਦੀ ਭਰੀ ਕਮੀ ਹੋ ਗਈ ਹੈ। -ਪੀਟੀਆਈ