ਲਾਸ ਏਂਜਲਸ, 4 ਸਤੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੈੱਟਫਲਿਕਸ ਦੇ ਦਸਤਾਵੇਜ਼ੀ ਲੜੀਵਾਰ ‘ਆਵਰ ਗ੍ਰੇਟ ਨੈਸ਼ਨਲ ਪਾਰਕਸ’ ’ਚ ਆਵਾਜ਼ ਦੇਣ ਲਈ ਬਿਹਤਰੀਨ ਨੈਰੇਟਰ (ਵਾਚਕ) ਦਾ ਐਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਪੰਜ ਹਿੱਸਿਆਂ ’ਚ ਵੰਡੀ ਇਸ ਲੜੀਵਾਰ ’ਚ ਦੁਨੀਆ ਦੇ ਮਸ਼ਹੂਰ ਕੌਮੀ ਪਾਰਕਾਂ ਨੂੰ ਦਿਖਾਇਆ ਗਿਆ ਹੈ। ਇਸ ਨੂੰ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਦੀ ਪ੍ਰੋਡਕਸ਼ਨ ਕੰਪਨੀ ‘ਹਾਇਰ ਗਰਾਊਂਡ’ ਨੇ ਬਣਾਇਆ ਹੈ। ਓਬਾਮਾ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਐਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਪਹਿਲਾਂ ਡਵਾਇਟ ਡੀ ਆਇਜ਼ਨਹਾਵਰ ਨੂੰ 1956 ’ਚ ਵਿਸ਼ੇਸ਼ ਐਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਓਬਾਮਾ ਨੂੰ ਉਨ੍ਹਾਂ ਦੀਆਂ ਦੋ ਕਿਤਾਬਾਂ ‘ਦਿ ਆਡੈਸਿਟੀ ਆਫ਼ ਹੋਪ’ ਅਤੇ ‘ਏ ਪ੍ਰੋਮਿਸਡ ਲੈਂਡ’ ਦੇ ਆਡੀਓ ਐਡੀਸ਼ਨ ਲਈ ਗਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿਸ਼ੇਲ ਨੂੰ 2020 ’ਚ ਉਨ੍ਹਾਂ ਦੀ ਆਪਣੀ ਆਡੀਓ ਕਿਤਾਬ ਲਈ ਗਰੈਮੀ ਨਾਲ ਸਨਮਾਨਿਤ ਕੀਤਾ ਗਿਆ ਸੀ। ਸਮਾਗਮ ਦੌਰਾਨ ‘ਬਲੈਕ ਪੈਂਥਰ’ ਸਟਾਰ ਚੈਡਵਿਕ ਬੋਸਮੈਨ ਨੂੰ ਮਰਨ ਉਪਰੰਤ ਕ੍ਰਿਏਟਿਵ ਆਰਟ ਲਈ ਐਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬੋਸਮੈਨ ਨੇ ਐਨੀਮੇਟਿਡ ਸ਼ੋਅ ‘ਵਟ ਇਫ…?’ ’ਚ ਬਲੈਕ ਪੈਂਥਰ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਸੀ। ਉਸ ਦਾ 2020 ’ਚ ਕੈਂਸਰ ਕਾਰਨ 43 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। -ਏਪੀ