ਪਾਲ ਸਿੰਘ ਨੌਲੀ
ਜਲੰਧਰ, 28 ਅਪਰੈਲ
ਦੇਸ਼ ਵਿਚ ਕਰੋਨਾ ਮਹਾਮਾਰੀ ਕਾਰਨ ਮੱਚੀ ਹਾਹਾਕਾਰ ਦਾ ਮਾਮਲਾ ਇੰਗਲੈਂਡ ਦੀ ਸੰਸਦ ਵਿਚ ਗੂੰਜਿਆ ਹੈ। ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੀ ਸੰਸਦ ਵਿਚ ਕਰੋਨਾ ਨਾਲ ਮੱਚੀ ਤਬਾਹੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਆਕਸੀਜਨ ਦੀ ਕਿੱਲਤ ਕਰ ਕੇ ਸੜਕਾਂ ’ਤੇ ਦਮ ਤੋੜ ਰਹੇ ਹਨ। ਸ੍ਰੀ ਢੇਸੀ ਨੇ ਕਿਹਾ ਕਿ ਭਾਰਤ ਦਾ ਸਿਹਤ ਸੰਭਾਲ ਢਾਂਚਾ ਇਸ ਕਦਰ ਨਾਕਾਮ ਰਿਹਾ ਹੈ ਕਿ ਸ਼ਮਸ਼ਾਨਘਾਟਾਂ ਵਿਚ ਵੀ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਲੰਮੀਆਂ ਕਤਾਰਾਂ ’ਚ ਖੜ੍ਹਨਾ ਪੈ ਰਿਹਾ ਹੈ।