ਵਾਸ਼ਿੰਗਟਨ, 2 ਮਾਰਚ
ਆਪਣੇ ਰੂਸੀ ਹਮਰੁਤਬਾ ’ਤੇ ਯੂਕਰੇਨ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਅਤੇ ਬਿਨਾਂ ਭੜਕਾਹਟ ਦੇ ਜੰਗ ਥੋਪਣ ਦਾ ਦੋਸ਼ ਲਾਉਂਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਵਲਾਦੀਮੀਰ ਪੂਤਿਨ ਵਰਗੇ ਤਾਨਾਸ਼ਾਹਾਂ ਨੂੰ ਵਿਦੇਸ਼ੀ ਮੁਲਕ ’ਤੇ ਹਮਲੇ ਲਈ ਕੀਮਤ ਚੁਕਾਉਣੀ ਪਵੇਗੀ। ਆਪਣੇ ਪਲੇਠੇ ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੌਰਾਨ ਬਾਇਡਨ ਨੇ ਰੂਸੀ ਹਮਲੇ ਦਾ ਸਾਂਝੇ ਤੌਰ ’ਤੇ ਜਵਾਬ ਦੇਣ ਦਾ ਸੱਦਾ ਦਿੰਦਿਆਂ ਮਹਾਮਾਰੀ ਦੀ ਮਾਰ ਹੇਠ ਆਏ ਅਮਰੀਕੀਆਂ ਨੂੰ ਵੀ ਹੌਸਲਾ ਦਿੱਤਾ ਜੋ ਵਧ ਰਹੀ ਮਹਿੰਗਾਈ ਦਾ ਅਸਰ ਮਹਿਸੂਸ ਕਰ ਰਹੇ ਹਨ। ਅਮਰੀਕੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਆਪਣੇ ਇਤਿਹਾਸ ਤੋਂ ਸਬਕ ਸਿੱਖਿਆ ਹੈ ਕਿ ਜਦੋਂ ਵੀ ਤਾਨਾਸ਼ਾਹਾਂ ਆਪਣੇ ਰਵੱਈਏ ਪ੍ਰਤੀ ਕੀਮਤ ਨਹੀਂ ਚੁਕਾਉਂਦੇ ਹਨ ਤਾਂ ਉਹ ਵਧੇਰੇ ਗੜਬੜੀ ਫੈਲਾਉਂਦੇ ਹਨ। ਇਸ ਨਾਲ ਅਮਰੀਕਾ ਅਤੇ ਦੁਨੀਆ ’ਚ ਖ਼ਤਰਾ ਲਗਾਤਾਰ ਵਧਦਾ ਰਹਿੰਦਾ ਹੈ।’’ ਉਨ੍ਹਾਂ ਕਿਹਾ ਕਿ ਇਸੇ ਕਰਕੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਯੂਰੋਪ ’ਚ ਸ਼ਾਂਤੀ ਅਤੇ ਸਥਿਰਤਾ ਲਈ ਨਾਟੋ ਮੁਲਕਾਂ ਦਾ ਗੱਠਜੋੜ ਬਣਾਇਆ ਗਿਆ ਸੀ। ਅਮਰੀਕਾ ਵੀ 29 ਹੋਰ ਮੁਲਕਾਂ ਨਾਲ ਇਸ ਦਾ ਮੈਂਬਰ ਹੈ। ਰੂਸੀ ਰਾਸ਼ਟਰਪਤੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੂਤਿਨ ਨੇ ਕੂਟਨੀਤੀ ਦੀਆਂ ਕੋਸ਼ਿਸ਼ਾਂ ਰੱਦ ਕਰ ਦਿੱਤੀਆਂ। ‘ਉਸ ਨੇ ਸੋਚਿਆ ਕਿ ਪੱਛਮ ਅਤੇ ਨਾਟੋ ਮੁਲਕ ਕੋਈ ਜਵਾਬ ਨਹੀਂ ਦੇਣਗੇ। ਉਸ ਨੇ ਸਾਨੂੰ ਵੰਡਣ ਬਾਰੇ ਵੀ ਸੋਚਿਆ ਸੀ ਪਰ ਪੂਤਿਨ ਗਲਤ ਸੀ, ਅਸੀਂ ਤਿਆਰ ਹਾਂ।’ ਬਾਇਡਨ ਨੇ ਕਿਹਾ ਕਿ ਪੂਤਿਨ ਨੇ ਯੂਕਰੇਨ ’ਤੇ ਹਮਲੇ ਦਾ ਗਲਤ ਅੰਦਾਜ਼ਾ ਲਾਇਆ। ‘ਪੂਤਿਨ ਨੇ ਸੋਚਿਆ ਕਿ ਉਹ ਯੂਕਰੇਨ ’ਚ ਆਸਾਨੀ ਨਾਲ ਦਾਖ਼ਲ ਹੋ ਜਾਵੇਗਾ ਅਤੇ ਦੁਨੀਆ ਉਸ ਦਾ ਵਿਰੋਧ ਨਹੀਂ ਕਰੇਗੀ। ਇਸ ਦੀ ਬਜਾਏ ਉਸ ਨੂੰ ਯੂਕਰੇਨੀ ਲੋਕਾਂ ਤੋਂ ਸਖ਼ਤ ਟੱਕਰ ਮਿਲੀ ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ।’ ਸੰਸਦ ਮੈਂਬਰਾਂ ਦੀਆਂ ਤਾੜੀਆਂ ਦਰਮਿਆਨ ਉਨ੍ਹਾਂ ਕਿਹਾ ਕਿ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਯੂਰੋਪੀਅਨ ਸੰਸਦ ’ਚ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਹਨੇਰੇ ’ਤੇ ਪ੍ਰਕਾਸ਼ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਯੂਕਰੇਨ ਦਾ ਸਫ਼ੀਰ ਅੱਜ ਇਥੇ ਮੌਜੂਦ ਹੈ ਅਤੇ ਸੰਸਦ ’ਚੋਂ ਯੂਕਰੇਨ ਅਤੇ ਪੂਰੀ ਦੁਨੀਆ ਨੂੰ ਸਪੱਸ਼ਟ ਸੰਕੇਤ ਜਾਣਾ ਚਾਹੀਦਾ ਹੈ। ਬਾਇਡਨ ਨੇ ਕਿਹਾ,‘‘ਸਾਡੀ ਫ਼ੌਜ ਯੂਕਰੇਨ ’ਚ ਲੜਨ ਲਈ ਯੂਰੋਪ ਨਹੀਂ ਜਾ ਰਹੀ ਹੈ ਪਰ ਨਾਟੋ ਗੱਠਜੋੜ ਦੀ ਫ਼ੌਜ ਉਨ੍ਹਾਂ ਲਈ ਲੜੇਗੀ।’’ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਭਾਈਵਾਲ ਨਾਟੋ ਮੁਲਕਾਂ ਦੇ ਹਰ ਖ਼ਿੱਤੇ ਦਾ ਪੂਰੀ ਤਾਕਤ ਨਾਲ ਰੱਖਿਆ ਕਰਨਗੇ। ‘ਅਸੀਂ ਭਾਈਵਾਲਾਂ ਦੇ ਨਾਲ ਮਿਲ ਕੇ ਰੂਸ ’ਤੇ ਸਖ਼ਤ ਆਰਥਿਕ ਪਾਬੰਦੀਆਂ ਲਾ ਰਹੇ ਹਾਂ। ਅਸੀਂ ਰੂਸ ਦੇ ਸਭ ਤੋਂ ਵੱਡੇ ਬੈਂਕਾਂ ਨੂੰ ਕੌਮਾਂਤਰੀ ਵਿੱਤੀ ਪ੍ਰਣਾਲੀ ਨਾਲੋਂ ਕੱਟ ਰਹੇ ਹਾਂ। ਪੂਤਿਨ ਦੇ 630 ਅਰਬ ਡਾਲਰ ਦੇ ‘ਵਾਰ ਫੰਡ’ ਨੂੰ ਬੇਕਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਉਸ ਦੇ ਭਾਈਵਾਲ ਰੂਸ ਦੀ ਤਕਨਾਲੋਜੀ ਤੱਕ ਪਹੁੰਚ ਨੂੰ ਖ਼ਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਰਾਖੀ ਲਈ ਹਰ ਹਰਬੇ ਦੀ ਵਰਤੋਂ ਕਰਨਗੇ। ‘ਲੋਕਤੰਤਰ ਅਤੇ ਤਾਨਾਸ਼ਾਹੀ ਦੀ ਜੰਗ ਦਰਮਿਆਨ ਲੋਕਤੰਤਰੀ ਮੁਲਕ ਅਗਾਂਹ ਵਧ ਰਹੇ ਹਨ ਅਤੇ ਦੁਨੀਆ ਸਪੱਸ਼ਟ ਤੌਰ ’ਤੇ ਸ਼ਾਂਤੀ ਅਤੇ ਸੁਰੱਖਿਆ ਦਾ ਰਾਹ ਚੁਣ ਰਹੀ ਹੈ।’ ਉਨ੍ਹਾਂ ਕਿਹਾ ਕਿ ਰੂਸੀ ਸਟਾਕ ਮਾਰਕਿਟ ਦੀ ਕੀਮਤ 40 ਫ਼ੀਸਦ ਡਿੱਗ ਗਈ ਹੈ ਅਤੇ ਉਥੇ ਸ਼ੇਅਰ ਬਾਜ਼ਾਰ ’ਚ ਕਾਰੋਬਾਰ ਨਹੀਂ ਹੋ ਰਿਹਾ ਹੈ। ਰੂਬਲ ਦੀ ਕੀਮਤ ਵੀ 30 ਫ਼ੀਸਦੀ ਤੱਕ ਡਿੱਗ ਗਈ ਹੈ। ਆਪਣੇ ਭਾਸ਼ਣ ਦੌਰਾਨ ਬਾਇਡਨ ਨੇ ਆਪਣੇ ਇਕ ਸਾਲ ਦੇ ਰਾਜ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉਨ੍ਹਾਂ ਕਰੋਨਾਵਾਇਰਸ ਖ਼ਿਲਾਫ਼ ਜੰਗ ’ਚ ਅਮਰੀਕੀਆਂ ਦੇ ਸਾਥ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਮਹਿੰਗਾਈ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰਨਗੇ। -ਪੀਟੀਆਈ
ਚੀਨੀ ਰਾਸ਼ਟਰਪਤੀ ਨੂੰ ਅਮਰੀਕੀਆਂ ਖ਼ਿਲਾਫ਼ ਦਾਅ ਲਗਾਉਣ ਤੋਂ ਵਰਜਿਆ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ ਅਮਰੀਕੀ ਲੋਕਾਂ ਖ਼ਿਲਾਫ਼ ਦਾਅ ਲਗਾਉਣਾ ਕਦੇ ਵੀ ਜਾਇਜ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਾਇਡਨ ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਵਧੇਰੇ ਆਕੜ ਵਾਲੇ ਚੀਨ ਦਾ ਟਾਕਰਾ ਕਰਨ ਦਾ ਸਭ ਤੋਂ ਅਸਰਦਾਰ ਅਮਰੀਕੀ ਤਰੀਕਾ ਆਪਣੇ ਲੋਕਾਂ, ਅਰਥਚਾਰੇ ਅਤੇ ਲੋਕਤੰਤਰ ’ਚ ਨਿਵੇਸ਼ ਹੈ। ‘ਅਸੀਂ ਲੱਖਾਂ ਅਮਰੀਕੀਆਂ ਲਈ ਵਧੀਆ ਰੁਜ਼ਗਾਰ ਪੈਦਾ ਕਰਾਂਗੇ, ਸੜਕਾਂ, ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਜਲ ਮਾਰਗਾਂ ਦਾ ਆਧੁਨਿਕੀਕਰਨ ਕਰਾਂਗੇ।’ ਬਾਇਡਨ ਨੇ ਕਿਹਾ ਕਿ ਪੰਜ ਲੱਖ ਚਾਰਜਿੰਗ ਸਟੇਸ਼ਨਾਂ ਦਾ ਜਾਲ ਵਿਛਾਇਆ ਜਾਵੇਗਾ। -ਪੀਟੀਆਈ