ਤਹਿਰਾਨ, 26 ਅਕਤੂਬਰ
ਇਰਾਨ ਦੇ ਗੈਸ ਸਟੇਸ਼ਨ ’ਤੇ ਸੰਭਾਵੀ ਸਾਈਬਰ ਹਮਲੇ ਦੀ ਖਬਰ ਹੈ। ਇਸ ਨਾਲ ਇਰਾਨ ਦੇ ਸਾਰੇ ਤੇਲ ਵਿਕਰੀ ਕੇਂਦਰ ਠੱਪ ਹੋ ਗਏ ਹਨ। ਇਹ ਪਤਾ ਲੱਗਾ ਹੈ ਕਿ ਤੇਲ ਸਬਸਿਡੀ ਪ੍ਰਣਾਲੀ ਨੂੰ ਕੰਟਰੋਲ ਕਰਨ ਵਾਲੇ ਸਾਫਟਵੇਅਰ ਵਿਚ ਖਰਾਬੀ ਆਉਣ ਕਾਰਨ ਤੇਲ ਵਿਕਰੀ ਰੋਕਣੀ ਪਈ ਹੈ। ਇਰਾਨ ਦੇ ਅਰਧ ਸਰਕਾਰੀ ਖਬਰ ਏਜੰਸੀ ਨੇ ਇਸ ਨੂੰ ਸਾਈਬਰ ਹਮਲਾ ਦੱਸਿਆ ਹੈ। ਇਥੋਂ ਦੇ ਇਕ ਸਰਕਾਰੀ ਟੀਵੀ ਚੈਨਲ ਨੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਤਹਿਰਾਨ ਵਿਚ ਗੈਸ ਏਜੰਸੀ ਦੇ ਬਾਹਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸੂਬੇ ਦੇ ਸਰਕਾਰੀ ਟੀਵੀ ਨੇ ਇਹ ਨਹੀਂ ਦੱਸਿਆ ਕਿ ਕੀ ਸਮੱਸਿਆ ਆਈ ਹੈ ਪਰ ਤੇਲ ਮੰਤਰਾਲੇ ਦੇ ਅਧਕਾਰੀਆਂ ਨੇ ਤਕਨੀਕੀ ਸਮੱਸਿਆ ਦੇ ਹੱਲ ਲਈ ਹੰਗਾਮੀ ਮੀਟਿੰਗ ਸੱਦੀ ਹੈ।