ਮਾਸਕੋ, 14 ਸਤੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੂਤਿਨ ਨੇ ਨੇੜਲੇ ਵਿਅਕਤੀਆਂ ਨੂੰ ਕਰੋਨਾਵਾਇਰਸ ਦੀ ਲਾਗ ਲੱਗਣ ਕਾਰਨ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਕਰੈਮਲਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਨੈਗੇਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਪੂਤਿਨ ਦਾ ਕਰੋਨਾਵਾਇਰਸ ਵੈਕਸੀਨ ‘ਸਪੂਤਨਿਕ ਵੀ’ ਦਾ ਟੀਕਾਕਰਨ ਮੁਕੰਮਲ ਹੈ। ਕਰੈਮਲਿਨ ਦੇ ਤਰਜਮਾਨ ਦਮਿਤਰੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਤਿਨ ਪੂਰੀ ਤਰ੍ਹਾਂ ਤੰਦਰੁਸਤ ਹਨ ਪਰ ਉਨ੍ਹਾਂ ਕਰੋਨਾਵਾਇਰਸ ਦੀ ਲਪੇਟ ਵਿੱਚ ਆਏ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਖ਼ੁਦ ਨੂੰ ਇਕਾਂਤਵਾਸ ਕੀਤਾ ਹੈ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਪੂਤਿਨ ਕਿੰਨੀ ਦੇਰ ਇਕਾਂਤਵਾਸ ਵਿੱਚ ਰਹਿਣਗੇ ਪਰ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਮ ਵਾਂਗ ਆਪਣਾ ਕੰਮ-ਕਾਜ ਜਾਰੀ ਰੱਖਣਗੇ। ਪੇਸਕੋਵ ਨੇ ਇਹ ਨਹੀਂ ਦੱਸਿਆ ਕਿ ਪੂਤਿਨ ਕਿਸ ਦੇ ਸੰਪਰਕ ਵਿੱਚ ਆਏ ਹਨ। -ਏਪੀ