ਲੰਡਨ, 25 ਜੁਲਾਈ
ਬਰਤਾਨੀਆ ’ਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੂਨਕ (42) ਨੇ ਚੀਨ ਨੂੰ ਮੁਲਕ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸਦੀ ’ਚ ਕੁਲ ਆਲਮ ਦੀ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਚੀਨ ਤੋਂ ਖ਼ਤਰਾ ਹੈ ਜਿਸ ਦਾ ਸਬੂਤ ਅਮਰੀਕਾ ਤੋਂ ਲੈ ਕੇ ਭਾਰਤ ਹਨ ਜਿਨ੍ਹਾਂ ਨੂੰ ਚੀਨ ਨੇ ਨਿਸ਼ਾਨਾ ਬਣਾਇਆ ਹੈ। ਸੂਨਕ ਨੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਕੀਤੇ ਜਾਣ ਵਾਲੇ ਕੰਮਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਉਹ ਚੀਨੀ ਤਕਨਾਲੋਜੀ ਦੇ ਹਮਲਾਵਰ ਰਵੱਈਏ ਦੇ ਟਾਕਰੇ ਲਈ ‘ਆਜ਼ਾਦ ਮੁਲਕਾਂ’ ਦਾ ਨਾਟੋ ਵਰਗਾ ਫ਼ੌਜੀ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰਨਗੇ। ਸੂਨਕ ਨੇ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਬਣਿਆ ਤਾਂ ਮੈਂ ਯੂਕੇ ’ਚ ਚੀਨ ਦੇ ਸਾਰੇ 30 ਕਨਫਿਊਸ਼ਿਅਸ ਇੰਸਟੀਚਿਊਟ ਬੰਦ ਕਰਾਂਗਾ ਜੋ ਇਥੇ ਸਭ ਤੋਂ ਜ਼ਿਆਦਾ ਹਨ।’’
‘ਰੈਡੀ4ਰਿਸ਼ੀ’ ਮੁਹਿੰਮ ਨੇ ਬਿਆਨ ’ਚ ਕਿਹਾ ਕਿ ਨਵੇਂ ਸੁਰੱਖਿਆ ਗੱਠਜੋੜ ਤਹਿਤ ਯੂਕੇ ਸਾਈਬਰ ਸੁਰੱਖਿਆ, ਟੈਲੀ ਕਮਿਊਨਿਕੇਸ਼ਨਜ਼ ਸੁਰੱਖਿਆ ਅਤੇ ਬੌਧਿਕ ਸੰਪਤੀ ਦੀ ਚੋਰੀ ਨੂੰ ਰੋਕਣ ਲਈ ਕੌਮਾਂਤਰੀ ਪੱਧਰ ’ਤੇ ਤਾਲਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਕਰੇਗਾ। ਉਨ੍ਹਾਂ ਚੀਨ ’ਤੇ ਯੂਕੇ ਦੀ ਤਕਨਾਲੋਜੀ ਚੁਰਾਉਣ ਤੇ ’ਵਰਸਿਟੀਆਂ ’ਚ ਘੁਸਪੈਠ ਤੋਂ ਇਲਾਵਾ ਪੂਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਲਈ ਭੜਕਾਉਣ, ਤਾਇਵਾਨ ਨੂੰ ਅੱਖਾਂ ਦਿਖਾਉਣ ਅਤੇ ਸ਼ਿਨਜਿਆਂਗ ਤੇ ਹਾਂਗਕਾਂਗ ’ਚ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਜਿਹੇ ਮੁੱਦੇ ਵੀ ਉਠਾਏ। ਸੂਨਕ ਮੁਤਾਬਕ ਚੀਨ ਵਿਕਾਸਸ਼ੀਲ ਮੁਲਕਾਂ ’ਤੇ ਕਰਜ਼ਾ ਚਾੜ੍ਹ ’ਕੇ ਉਨ੍ਹਾਂ ਦੀਆਂ ਸੰਪਤੀਆਂ ’ਤੇ ਕਬਜ਼ੇ ਕਰ ਰਿਹਾ ਹੈ ਜਾਂ ਉਨ੍ਹਾਂ ਦੇ ਸਿਰਾਂ ’ਤੇ ਕੂਟਨੀਤੀ ਦੀ ਬੰਦੂਕ ਤਾਣ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਮੁਲਕਾਂ ਦੇ ਆਗੂਆਂ ਨਾਲ ਮਿਲ ਕੇ ਚੀਨੀ ਖ਼ਤਰੇ ਦੇ ਟਾਕਰੇ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਵਿਰੋਧੀ ਲਿਜ਼ ਟਰੱਸ ਦੀ ਟੀਮ ਨੇ ਸੂਨਕ ’ਤੇ ਦੋਸ਼ ਲਾਏ ਸਨ ਕਿ ਚਾਂਸਲਰ ਦੇ ਅਹੁਦੇ ’ਤੇ ਰਹਿੰਦਿਆਂ ਉਸ ਦਾ ਚੀਨ ਪ੍ਰਤੀ ਰਵੱਈਆ ਨਰਮ ਸੀ ਜਿਸ ਦੇ ਜਵਾਬ ’ਚ ਹੁਣ ਸੂਨਕ ਨੇ ਆਪਣੀ ਰਣਨੀਤੀ ਦਾ ਖ਼ੁਲਾਸਾ ਕੀਤਾ ਹੈ। -ਪੀਟੀਆਈ