ਪੇਈਚਿੰਗ, 21 ਜੂਨ
ਕਰੋਨਾ ਕਾਰਨ ਸੰਯੁਕਤ ਰਾਸ਼ਟਰ ਦਾ ਜੈਵਿਕ ਵਿਭਿੰਨਤਾ ਸੰਮੇਲਨ ਹੁਣ ਚੀਨ ਦੀ ਜਗ੍ਹਾ ਕੈਨੇਡਾ ਵਿੱਚ ਹੋਵੇਗਾ। ਚੀਨ ਦੇ ਵਾਤਾਵਰਨ ਮੰਤਰਾਲੇ ਨੇ ਦੱਸਿਆ ਕਿ ਇਹ ਸੰਮੇਲਨ ਹੁਣ ਦਸੰਬਰ ਵਿੱਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿੱਚ ਹੋਵੇਗਾ। ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ’ਤੇ ਵਿਆਪਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਚੀਨ ਨੇ ਪਿਛਲੇ ਮਹੀਨੇ ਫੁਟਬਾਲ ਦੇ ਏਸ਼ਿਆਈ ਕੱਪ-2023 ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਚੀਨ ਨੇ 2022 ਦੀਆਂ ਏਸ਼ਿਆਈ ਖੇਡਾਂ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ, ਜੋ ਇੱਥੋਂ ਦੇ ਹਾਂਗਜ਼ੂ ’ਚ ਸਤੰਬਰ ਮਹੀਨੇ ਹੋਣੀਆਂ ਸਨ। ਵਾਤਾਵਰਨ ਮੰਤਰਾਲੇ ਨੇ ਕਿਹਾ ਕਿ ਚੀਨ ਆਗਾਮੀ ਸੰਮੇਲਨ ਦੇ ਸਦਰ ਦੀ ਭੂਮਿਕਾ ਨਿਭਾਉਂਦਾ ਰਹੇਗਾ। -ਏਪੀ