ਵਾਸ਼ਿੰਗਟਨ, 10 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀਰਵਾਰ ਫੋਨ ’ਤੇ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ ਇਸ ਗੱਲ ਤੋਂ ਨਿਰਾਸ਼ਾ ਵਧ ਰਹੀ ਹੈ ਕਿ ਦੋਵਾਂ ਆਗੂਆਂ ਦੇ ਸਿਖ਼ਰਲੇ ਸਲਾਹਕਾਰਾਂ ਦਰਮਿਆਨ ਉੱਚ ਪੱਧਰੀ ਤਾਲਮੇਲ ਦਾ ਬਾਇਡਨ ਕਾਰਜਕਾਲ ਦੇ ਮੁੱਢਲੇ ਦਿਨਾਂ ਦੌਰਾਨ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਹੈ। ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਨਾਲ ਇਹ ਉਨ੍ਹਾਂ ਦੀ ਦੂਜੀ ਫੋਨ ਕਾਲ ਸੀ। ਦੋਵਾਂ ਮੁਲਕਾਂ ਵਿਚ ਕਈ ਮੁੱਦਿਆਂ ਉਤੇ ਖਿੱਚੋਤਾਣ ਹੈ। ਇਸ ਵਿਚ ਸਾਈਬਰ ਸੁਰੱਖਿਆ, ਕਰੋਨਾਵਾਇਰਸ ਮਹਾਮਾਰੀ ਜਿਹੇ ਮੁੱਦੇ ਸ਼ਾਮਲ ਹਨ। ਵਪਾਰ ਦੇ ਪੱਖ ਤੋਂ ਵੀ ਅਮਰੀਕਾ ਚੀਨ ਉਤੇ ਗੰਭੀਰ ਇਲਜ਼ਾਮ ਲਾਉਂਦਾ ਰਿਹਾ ਹੈ। ਬਾਇਡਨ ਨੇ ਸ਼ੀ ਜਿਨਪਿੰਗ ਨਾਲ ਕਰੀਬ 90 ਮਿੰਟ ਗੱਲਬਾਤ ਕੀਤੀ। ਇਸ ਦੌਰਾਨ ਇਹ ਇਨ੍ਹਾਂ ਮੁੱਦਿਆਂ ਉਤੇ ਘੱਟ ਕੇਂਦਰਤ ਹੋ ਕੇ ਅਮਰੀਕਾ-ਚੀਨ ਦੇ ਰਿਸ਼ਤਿਆਂ ਦੇ ਭਵਿੱਖ ਉਤੇ ਵੱਧ ਕੇਂਦਰਤ ਰਹੀ। ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਦੋਵਾਂ ਆਗੂਆਂ ਨੇ ਵਿਆਪਕ, ਰਣਨੀਤਕ ਵਿਚਾਰ-ਚਰਚਾ ਕੀਤੀ ਹੈ। ਕੁਝ ਅਜਿਹੇ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ ਜਿੱਥੇ ਦੋਵਾਂ ਮੁਲਕਾਂ ਦੇ ਹਿੱਤ ਜੁੜਦੇ ਹਨ। ਉਨ੍ਹਾਂ ਖੇਤਰਾਂ ਬਾਰੇ ਵੀ ਗੱਲਬਾਤ ਹੋਈ ਹੈ ਜਿੱਥੇ ਚੀਨ-ਅਮਰੀਕਾ ਦੇ ਹਿੱਤ, ਕਦਰਾਂ-ਕੀਮਤਾਂ ਤੇ ਦ੍ਰਿਸ਼ਟੀਕੋਣ ਵੱਖ-ਵੱਖ ਹਨ। ਵਾਈਟ ਹਾਊਸ ਨੇ ਆਸ ਜਤਾਈ ਕਿ ਦੋਵੇਂ ਮੁਲਕ ਜਲਵਾਯੂ ਤਬਦੀਲੀ ਤੇ ਕੋਰੀਆ ਦੇ ਪਰਮਾਣੂ ਸੰਕਟ ਉਤੇ ਮਿਲ ਕੇ ਕੰਮ ਕਰ ਸਕਣਗੇ। ਅਧਿਕਾਰੀਆਂ ਨੂੰ ਆਸ ਹੈ ਕਿ ਸ਼ੀ ਦੀ ਬਾਇਡਨ ਨਾਲ ਸਿੱਧੀ ਗੱਲਬਾਤ ਲਾਭਕਾਰੀ ਸਾਬਿਤ ਹੋਵੇਗੀ। -ਏਪੀ
ਮਨੁੱਖੀ ਹੱਕਾਂ ਤੇ ਹੋਰ ਪੱਖਾਂ ਤੋਂ ਦਬਾਅ ਬਣਾਉਣਾ ਜਾਰੀ ਰੱਖੇਗਾ ਅਮਰੀਕਾ
ਵਾਈਟ ਹਾਊਸ ਨੇ ਕਿਹਾ ਕਿ ਬਾਇਡਨ ਨੇ ਸ਼ੀ ਜਿਨਪਿੰਗ ਨੂੰ ਨਾਲ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਮਨੁੱਖੀ ਹੱਕਾਂ, ਵਪਾਰਕ ਗਤੀਵਿਧੀਆਂ ਤੇ ਹੋਰ ਪੱਖਾਂ ਤੋਂ ਚੀਨ ਉਤੇ ਦਬਾਅ ਬਣਾਉਣ ਤੋਂ ਨਹੀਂ ਝਿਜਕੇਗਾ। ਪਿਛਲੇ ਹਫ਼ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬਾਇਡਨ ਦੇ ਜਲਵਾਯੂ ਬਾਰੇ ਦੂਤ ਜੌਹਨ ਕੈਰੀ ਨੂੰ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਤੇ ਚੀਨ ਦੇ ਵਿਗੜਦੇ ਰਿਸ਼ਤੇ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਸਹਿਯੋਗ ਕਰਨ ਵਿਚ ਅੜਿੱਕਾ ਬਣ ਸਕਦੇ ਹਨ।