ਕਰਾਚੀ, 3 ਜੁਲਾਈ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜ਼ੋਬ ਨੇੜੇ ਅੱਜ ਮੋਹਲੇਧਾਰ ਮੀਂਹ ਕਾਰਨ ਇੱਕ ਬੱਸ ਤਿਲਕ ਕੇ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਇਸਲਾਮਾਬਾਦ ਤੋਂ ਕੋਇਟਾ ਜਾ ਰਹੀ ਇੱਸ ਬੱਸ ਵਿੱਚ 30 ਤੋਂ ਵੱਧ ਵਿਅਕਤੀ ਸਵਾਰ ਸਨ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜ਼ੇਂਜੋ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਸਹਾਇਕ ਕਮਿਸ਼ਨਰ ਸਈਦ ਮਹਿਤਾਬ ਸ਼ਾਹ ਨੇ ਦੱਸਿਆ ਕਿ ਜਦੋਂ ਬੱਸ ਕੋਇਟਾ ਨੇੜੇ ਪਹੁੰਚੀ ਤਾਂ ਮੋੜ ’ਤੇ ਸੰਤੁਲਨ ਗੁਆਚਣ ਕਾਰਨ ਖੱਡ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 19 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ 11 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ਾਹ ਨੇ ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੇ ਹਵਾਲੇ ਨਾਲ ਦੱਸਿਆ ਕਿ ਇਹ ਘਟਨਾ ਮੀਂਹ ਅਤੇ ਬੱਸ ਦੀ ਤੇਜ਼ ਰਫ਼ਤਾਰ ਕਾਰਨ ਵਾਪਰੀ ਹੈ। -ਪੀਟੀਆਈ