ਕੁੱਟਮਾਰ ਦੇ ਦੋਸ਼ ਹੇਠ ਪਤੀ ਸਣੇ ਨੌਂ ਖ਼ਿਲਾਫ਼ ਕੇਸ
ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸਣੇ ਨੌ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਫਲੈਟ ਨੰਬਰ 2-ਡੀ ਤੀਸਰੀ ਮੰਜ਼ਿਲ ਸੁਖਦੇਵ ਇਨਕਲੇਵ ਪੰਜ ਪੀਰ ਰੋਡ ਵਾਸੀ ਪ੍ਰਿਅੰਕਾ ਬਾਂਸਲ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਮਨਦੀਪ ਸਿੰਘ ਨਾਲ 10 ਫਰਵਰੀ 2019 ਨੂੰ ਹੋਇਆ ਸੀ ਅਤੇ ਵਿਆਹ ਤੋਂ ਕਰੀਬ 6 ਮਹੀਨੇ ਬਾਅਦ ਹੀ ਮਨਦੀਪ ਸਿੰਘ ਉਸ ਨੂੰ ਤੰਗ ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਪਿਆ, ਜਿਸ ਸਬੰਧੀ ਕਈ ਵਾਰ ਪੰਚਾਇਤੀ ਰਾਜ਼ੀਨਾਮਾ ਵੀ ਹੋਇਆ। ਉਸ ਦੇ ਪਤੀ ਨੇ ਸਾਥੀਆਂ ਸਣੇ ਉਸ ਦੇ ਫਲੈਟ ਵਿੱਚ ਆ ਕੇ ਉਸ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ, ਫਲੈਟ ਵਿੱਚ ਭੰਨਤੋੜ ਕੀਤੀ ਅਤੇ ਜਾਂਦੇ ਹੋਏ 2 ਲੱਖ 50 ਹਜ਼ਾਰ ਰੁਪਏ ਚੋਰੀ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮਨਦੀਪ ਸਿੰਘ ਉਰਫ਼ ਸਨੀ, ਰਾਣਾ, ਉਸ ਦੇ ਪਿਤਾ ਪ੍ਰਸ਼ੋਤਮ ਸਿੰਘ ਰਾਣਾ, ਅਨੀਤਾ ਕੁਮਾਰੀ ਵਾਸੀ ਗਲੀ ਨੰਬਰ 4 ਰਾਜੂ ਕਾਲੋਨੀ ਟਿੱਬਾ ਰੋਡ, ਕਮਲਪ੍ਰੀਤ ਅਰੋੜਾ, ਮਹਿੰਦਰ ਸਿੰਘ ਉਰਫ਼ ਸਨੀ, ਅਣਪਛਾਤੀ ਔਰਤ, ਡਰਾਈਵਰ ਨੀਟੂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
ਠੱਗੀ ਦੇ ਦੋਸ਼ ਹੇਠ ਕੇਸ ਦਰਜ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਜਾਇਦਾਦ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗਲੀ ਨੰਬਰ 7 ਨਿਊ ਮੋਤੀ ਨਗਰ ਫੋਕਲ ਪੁਆਇੰਟ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਸੁਰਿੰਦਰ ਸਿੰਘ ਵਾਸੀ ਗਲੀ ਨੰਬਰ 2 ਹਰਜਾਪ ਕਲੋਨੀ ਪਿੰਡ ਮੁੰਡੀਆਂ ਖੁਰਦ ਨਾਲ ਇੱਕ ਪਲਾਟ ਨੰਬਰ 16 ਰਕਬਾ 400 ਵਰਗ ਗਜ ਵਾਕਿਆ ਪਿੰਡ ਮੁੰਡੀਆਂ ਖੁਰਦ ਦਾ ਸੌਦਾ ਕੁੱਲ 27 ਲੱਖ ਰੁਪਏ ਵਿੱਚ ਕੀਤਾ ਸੀ ਤੇ ਉਸ ਨੂੰ ਵੱਖ ਵੱਖ ਤਰੀਕਾਂ ਸਮੇਂ ਪੂਰੀ ਰਕਮ ਦੇ ਦਿੱਤੀ ਸੀ ਪਰ ਉਸ ਨੇ ਕਿਸੇ ਹੋਰ ਪਲਾਟ ਦੀ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ। ਉਸ ਨੇ ਜਦੋਂ ਆਪਣੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਵੱਲੋਂ ਦਿੱਤੇ ਚੈੱਕ ਵੀ ਬੈਂਕ ਵਿੱਚ ਬਾਉਂਸ ਹੋ ਗਏ। ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
ਕਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਗੈਰਕਾਨੂੰਨੀ ਕਲੋਨੀ ਕੱਟਣ ਦੇ ਦੋਸ਼ ਹੇਠ ਤਿੰਨ ਕਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕਰਨ ਅਗਰਵਾਲ ਜੂਨੀਅਰ ਇੰਜੀਨੀਅਰ (ਰੈਗੂਲੇਟਰੀ) ਦਫ਼ਤਰ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ, ਹਰਮਿੰਦਰ ਸਿੰਘ ਅਤੇ ਹਰਦੀਪ ਸਿੰਘ ਵਾਸੀਆਨ ਪਿੰਡ ਖਾਸੀ ਕਲਾਂ ਨੇ ਪੰਜਾਬ ਸਰਕਾਰ ਵੱਲੋਂ ਅਣ-ਅਧਿਕਾਰਤ ਕਲੋਨੀਆਂ/ਬਿਲਡਿੰਗਾਂ/ਪਲਾਟਾਂ ਨੂੰ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਨੰਬਰ 12/01/17-5 ਐਚ.ਮਜੀ 2/1806 ਮਿਤੀ 18.10.2018 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸਮਰੱਥ ਅਧਿਕਾਰੀ ਪਾਸੋਂ ਲਾਇਸੈਂਸ ਪ੍ਰਾਪਤ ਕੀਤੇ ਬਿਨਾ ਪਿੰਡ ਖਾਸੀ ਕਲਾਂ ਜ਼ਮੀਨ ਵਿੱਚ ਅੰਸ਼ ਵਿੱਲਾ ਨਾਮ ਦੀ ਅਣ-ਅਧਿਕਾਰਤ ਕਲੋਨੀ ਕੱਟ ਕੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਐਕਟ ਦੀ ਉਲੰਘਣਾ ਕੀਤੀ ਹੈ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ