ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਮਈ
ਚੋਣ ਕਮਿਸ਼ਨ ਵੱਲੋਂ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਕੁਲਦੀਪ ਸਿੰਘ ਚਾਹਲ ਤੋਂ ਬਾਅਦ ਏਡੀਜੀਪੀ ਨਿਲਾਭ ਕਿਸ਼ੋਰ ਨੂੰ ਸ਼ਹਿਰ ਦਾ ਨਵਾਂ ਪੁਲੀਸ ਕਮਿਸ਼ਨਰ ਬਣਾਇਆ ਗਿਆ ਹੈ। ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਨਵੇਂ ਪੁਲੀਸ ਕਮਿਸ਼ਨਰ ਨਿਲਾਭ ਕਿਸ਼ੋਰ ਨੇ ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਬਿਨ੍ਹਾਂ ਗਾਰਡ ਆਫ਼ ਆਨਰ ਦੇ ਹੀ ਨਿਲਾਬ ਕਿਸ਼ੋਰ ਸਵੇਰੇ ਕਰੀਬ ਸਾਢੇ 11 ਵਜੇ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ ਜਿੱਥੇ ਉਨ੍ਹਾਂ ਨੇ ਸਿੱਧਾ ਦਫ਼ਤਰ ’ਚ ਜਾ ਕੇ ਅਹੁਦਾ ਸੰਭਾਲ ਲਿਆ। ਇਸ ਦੌਰਾਨ ਉਨ੍ਹਾਂ ਦਾ ਪੁਲੀਸ ਅਧਿਕਾਰੀਆਂ ਨੇ ਸਵਾਗਤ ਕੀਤਾ। ਨਵੇਂ ਕਮਿਸ਼ਨਰ ਨੇ ਚੋਣਾਂ ਸੰਬੰਧੀ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ। ਨਵੇਂ ਪੁਲੀਸ ਕਮਿਸ਼ਨਰ ਲਈ ਸ਼ਹਿਰ ’ਚ ਚੋਣਾਂ ਦਾ ਸਫ਼ਰ ਕਾਫ਼ੀ ਚੁਣੌਤੀ ਪੁਰਨ ਹੋਵੇਗਾ। ਨਵੇਂ ਪੁਲੀਸ ਕਮਿਸ਼ਨਰ ਨੂੰ ਚੋਣਾਂ ਕਰਵਾਉਣ ਲਈ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਲਈ ਲੁਧਿਆਣਾ ’ਚ ਖਾਲੀ ਪਈਆਂ ਪੰਜ ਵੱਡੀਆਂ ਪੋਸਟਾਂ ਚੁਣੌਤੀ ਬਣ ਸਕਦੀਆਂ ਹਨ। ਕਾਰਨ ਹੈ ਕਿ ਲੁਧਿਆਣਾ ’ਚ ਜੁਆਇੰਟ ਸੀਪੀ, ਡੀਸੀਪੀ ਹੈਡਕੁਆਰਟਰ, ਡੀਸੀਪੀ ਜਾਂਚ ਅਤੇ ਡੀਸੀਪੀ ਟਰੈਫਿਕ ਦੀਆਂ ਪੋਸਟਾਂ ਖਾਲੀ ਪਈਆਂ ਹਨ।