ਹਰਜੀਤ ਲਸਾੜਾ
ਬ੍ਰਿਸਬਨ, 4 ਜਨਵਰੀ
ਆਸਟਰੇਲੀਆ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਭਾਵ ਕਾਰਨ ਕਰੋਨਾ ਟੈਸਟ ਲਈ ਲੋਕਾਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਨਤੀਜੇ ਮਿਲਣ ਵਿੱਚ ਹੋ ਰਹੀ ਦੇਰੀ, ਰਿਪੋਰਟਾਂ ’ਚ ਗਲਤੀਆਂ ਅਤੇ ਕਰੋਨਾ ਟੈਸਟਿੰਗ ਸੈਂਟਰ ਬੰਦ ਹੋਣ ਕਾਰਨ ਲੋਕਾਂ ’ਚ ਸਰਕਾਰ ਅਤੇ ਸਿਹਤ ਵਿਭਾਗ ਪ੍ਰਤੀ ਕਾਫ਼ੀ ਰੋਹ ਹੈ। ਸਮੂਹ ਸੂਬਿਆਂ ਵਿੱਚ ਲੋਕਾਂ ਨੂੰ ਲਾਈਨਾਂ ਵਿੱਚ ਅੰਦਾਜ਼ਨ ਤਿੰਨ ਤੋਂ ਸੱਤ ਘੰਟਿਆਂ ਦੀ ਲੰਮੀ ਉਡੀਕ ਕਰਨੀ ਪੈ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਦੇਸ਼ ਦੁਬਾਰਾ ਤਾਲਾਬੰਦੀ ਵੱਲ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਰੈਪਿਡ ਐਂਟੀਜਨ ਟੈਸਟ ਬਹੁਤ ਜ਼ਰੂਰੀ ਹੋ ਗਿਆ ਹੈ ਪਰ ਵਿੱਤੀ ਘਾਟੇ ਕਾਰਨ ਇਹ ਟੈਸਟ ਹੁਣ ਮੁਫ਼ਤ ਕਰਨਾ ਸਰਕਾਰ ਦੇ ਬਜਟ ਵਿੱਚ ਨਹੀਂ ਹੈ। ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਟੈਸਟ ਦੀ ਕੀਮਤ ਵਸੂਲਣੀ ਹੀ ਹੈ ਤਾਂ ਇਹ 1 ਤੋਂ 9 ਡਾਲਰ ਵਿਚਕਾਰ ਹੋਣੀ ਚਾਹੀਦੀ ਹੈ।