ਹਰਜੀਤ ਲਸਾੜਾ
ਬ੍ਰਿਸਬਨ, 29 ਅਗਸਤ
ਆਸਟਰੇਲੀਆ ਦੀ ਸਰਕਾਰ ਦੇ ਬਜਟ ਦੇ ਨਾਲ ਹੀ ਇੱਥੇ ਰਾਜਾਂ ਅਤੇ ਪ੍ਰਦੇਸ਼ਾਂ ਨੇ 2022-23 ਲਈ ਆਪਣੇ ਹੁਨਰਮੰਦ ਵੀਜ਼ਾ ਨਾਮਜ਼ਦਗੀ ਪ੍ਰੋਗਰਾਮ ਖੋਲ੍ਹ ਦਿੱਤੇ ਹਨ। ਬਹੁਤੇ ਰਾਜਾਂ ਵਿੱਚ ਹੁਨਰਮੰਦ ਨਾਮਜ਼ਦ ਵੀਜ਼ਾ (ਸਬਕਲਾਸ 190) ਤੇ ‘ਰਿਜਨਲ ਸਪਾਂਸਰਡ’ (ਸਬਕਲਾਸ 491) ਵੀਜ਼ਾ ਸ਼੍ਰੇਣੀਆਂ ਦੇ ਸਥਾਨਾਂ ਵਿੱਚ ਭਾਰੀ ਵਾਧੇ ਦੇ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਸਥਾਈ ਮਾਈਗ੍ਰੇਸ਼ਨ ਨੂੰ ਵਧਾਉਣਾ ਚਾਹੁੰਦੀ ਹੈ। ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਪੱਛਮੀ ਆਸਟਰੇਲੀਆ ਵਿੱਚ ‘ਸਬਕਲਾਸ’ 491 ਅਤੇ 190 ਦੀਆਂ ਸੀਟਾਂ ਵਿੱਚ ਚੰਗਾ ਵਾਧਾ ਕੀਤਾ ਗਿਆ ਹੈ। ਸਕਿਲਡ ਵਰਗ ਅਧੀਨ ਵੀਜ਼ਿਆਂ ਦੀ ਗਿਣਤੀ 79,600 ਤੋਂ ਵਧ ਕੇ 109,900 ਹੋ ਗਈ ਹੈ ਜਦਕਿ ਪਰਿਵਾਰਕ ਵਰਗ ਅਧੀਨ ਸੀਟਾਂ ਨੂੰ 77,300 ਤੋਂ ਘਟਾ ਕੇ 50,000 ਕਰ ਦਿੱਤਾ ਗਿਆ ਹੈ। ਹੁਨਰਮੰਦ ਕਾਮਿਆਂ ਦੀ ਗੰਭੀਰ ਘਾਟ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਆਵਾਸ ਦੀ ਸਾਲਾਨਾ ਹੱਦ ਨੂੰ ਹਟਾਉਣ ਉੱਤੇ ਵੀ ਵਿਚਾਰ ਕਰ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੌਮਾਂਤਰੀ ਪਾੜ੍ਹਿਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਸਥਾਈ ਨਿਵਾਸ (ਪੀਆਰ) ਲਈ ਇੱਕ ਚੰਗੀ ਖ਼ਬਰ ਹੈ। ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ ਕੋਵਿਡ-19 ਮਹਾਮਾਰੀ ਤੋਂ ਆਸਟਰੇਲੀਆ ਦੀ ਆਰਥਿਕ ਰਿਕਵਰੀ ਦੇ ਮੱਦੇਨਜ਼ਰ ਹੁਣ ਅਸਥਾਈ ਵੀਜ਼ਾ ਧਾਰਕਾਂ ਅਤੇ ਬਾਹਰਲੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਇਹ ਇੱਕ ਵਧੀਆ ਸਮਾਂ ਹੈ।