ਕੋਇਟਾ, 25 ਅਕਤੂਬਰ
ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਅੱਜ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇੱਕ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ਕਰਦੇ ਹੋਏ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ। ਪਿਸ਼ਿਨ ਦੇ ਡੀਸੀ ਮੁਹੰਮਦ ਯਾਸਿਰ ਨੇ ਦੱਸਿਆ ਕਿ ਸੂਬੇ ਦੇ ਪਿਸ਼ਿਨ ਇਲਾਕੇ ਵਿੱਚ ਸਵੇਰੇ ਪੋਲੀਓ ਟੀਕਾਕਰਨ ਟੀਮ ’ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਅਤਿਵਾਦੀਆਂ ’ਤੇ ਜਵਾਬੀ ਗੋਲੀਬਾਰੀ ਦੌਰਾਨ ਪੁਲੀਸ ਮੁਲਾਜ਼ਮ ਮਾਰਿਆ ਗਿਆ। ਇਸ ਦੌਰਾਨ ਟੀਕਾਕਰਨ ਟੀਮ ਦੇ ਮੈਂਬਰ ਵਾਲ-ਵਾਲ ਬਚ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰਨ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਅਤਿਵਾਦੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਪੀਟੀਆਈ