ਡਾਕਰ, 19 ਅਗਸਤ
ਪੱਛਮੀ ਅਫਰੀਕੀ ਦੇਸ਼ ਮਾਲੀ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਅਤੇ ਇਸ ਮਗਰੋਂ ਗੋਲੀਬਾਰੀ ਕੀਤੀ ਜਿਸ ਕਾਰਨ 11 ਸੈਨਿਕਾਂ ਦੀ ਮੌਤ ਹੋ ਗਈ ਤੇ 10 ਜ਼ਖ਼ਮੀ ਹੋ ਗਏ ਹਨ। ਮਾਲੀ ਦੇ ਮਿਲਟਰੀ ਸੂਤਰਾਂ ਨੇ ਦੱਸਿਆ ਕਿ ਜਦੋਂ ਕੇਂਦਰੀ ਮਾਲੀ ਇਲਾਕੇ ਵਿੱਚੋਂ ਫੌਜ ਦਾ ਕਾਫਲਾ ਲੰਘ ਰਿਹਾ ਸੀ ਤਾਂ ਕਾਰ ਵਿੱਚ ਧਮਾਕਾ ਕੀਤਾ ਗਿਆ ਜਿਸ ਮਗਰੋਂ ਗੋਲੀਬਾਰੀ ਕੀਤੀ ਗਈ। ਜ਼ਖ਼ਮੀ ਸੈਨਿਕਾਂ ਵਿੱਚੋਂ ਨੌਂ ਦੀ ਹਾਲਤ ਗੰਭੀਰ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਮਲੇ ਨੂੰ ਕਿਸ ਗਰੋਹ ਨੇ ਅੰਜਾਮ ਦਿੱਤਾ ਹੈ। ਇਸ ਖੇਤਰ ਵਿੱਚ ਸੰਯੁਕਤ ਰਾਸ਼ਟਰ ਦੀਆਂ ਫੌਜਾਂ ਵੱਲੋਂ ਇਸਲਾਮੀ ਅਤਿਵਾਦੀਆਂ ਖ਼ਿਲਾਫ਼ ਜੰਗ ਲੜੀ ਜਾ ਰਹੀ ਹੈ। -ਰਾਇਟਰਜ਼