ਵਾਸ਼ਿੰਗਟਨ, 25 ਅਗਸਤ
ਯੂਕਰੇਨ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਭਾਵੇਂ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਪਰ ਅਮਰੀਕਾ ਭਾਰਤ ਨੂੰ ਆਪਣਾ ਜ਼ਰੂਰੀ ਸਾਂਝੇਦਾਰ ਮੰਨਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ ਪੀਅਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਭਾਰਤੀ ਭਾਈਵਾਲਾਂ ਨੂੰ ਲਾਜ਼ਮੀ ਸਾਂਝੇਦਾਰਾਂ ਵਜੋਂ ਮੰਨਦੇ ਹਾਂ। ਅਮਰੀਕਾ-ਭਾਰਤ ਸਿਆਸੀ ਸਾਂਝੇਦਾਰੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੁਵੱਲੇ ਵਪਾਰਕ ਸਬੰਧਾਂ ਲਈ ਸਾਡੀ ਸਾਂਝੀ ਵਚਨਬੱਧਤਾ ’ਤੇ ਆਧਾਰਿਤ ਹੈ।’’ ਪ੍ਰੈੱਸ ਸਕੱਤਰ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਦੂਰੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ, ‘‘ਤੁਸੀਂ ਰਾਸ਼ਟਰਪਤੀ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕਾਨੂੰਨ ਦਾ ਸ਼ਾਸਨ ਅਤੇ ਮਨੁੱਖੀ ਆਜ਼ਾਦੀ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰੈੱਸ ਸਕੱਤਰ ਨੇ ਕਿਹਾ, ‘‘ਸਾਨੂੰ ਆਪਣੇ ਰਿਸ਼ਤਿਆਂ ’ਤੇ ਭਰੋਸਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਨਿਯਮ ਆਧਾਰਤ ਵਿਵਸਥਾ ਦੀ ਰੱਖਿਆ ਅਤੇ ਸ਼ਾਂਤੀ ਬਹਾਲ ਰੱਖਣ ਲਈ ਹਿੰਦ-ਪ੍ਰਸ਼ਾਂਤ ਸਮੇਤ ਦੁਨੀਆ ਭਰ ਵਿੱਚ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਾਂਗੇ।’’ ਉਨ੍ਹਾਂ ਕਿਹਾ ਕਿ ਅਮਰੀਕਾ ਸਪੱਸ਼ਟ ਰੂਪ ਵਿੱਚ ਯੂਕਰੇਨ ਦੇ ਨਾਲ ਖੜ੍ਹਾ ਹੈ। -ਪੀਟੀਆਈ
ਭਾਰਤ-ਅਮਰੀਕਾ ਜਲਸੈਨਾ ਸਹਿਯੋਗ ਅਤਿ ਅਹਿਮ: ਸੰਧੂ
ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂੁ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਜਨਸੈਲਾ ਵਿਚਾਲੇ ਸਹਿਯੋਗ ਦੋਵਾਂ ਦੇਸ਼ਾਂ ਦੇ ਦੁਵੱਲੇ ਰੱਖਿਆ ਸਬੰਧਾਂ ਖਾਸ ਕਰਕੇ ਹਿੰਦ-ਪ੍ਰਸ਼ਾਂਤ ਦੇ ਸੰਦਰਭ ਵਿੱਚ ਸਭ ਤੋਂ ਗਤੀਸ਼ੀਲ ਅਤੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ। ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਇਹ ਟਿੱਪਣੀ ਪਿਛਲੇ ਹਫ਼ਤੇ ਆਈਐੱਨਐੱਸ ਸਤਪੁਰਾ ਦੇ ਸਾਂ ਡਿਆਗੋ ਦੀ ਇਤਿਹਾਸਕ ਫੇਰੀ ਦੌਰਾਨ ਸਾਹਮਣੇ ਆਈ। ਛੇ ਹਜ਼ਾਰ ਟਨ ਦੀ ਸਮਰੱਥਾ ਵਾਲਾ ਸਵਦੇਸ਼ੀ ਆਈਐੱਨਐੱਸ ਸਤਪੁਰਾ ਬਹੁ-ਮੰਤਵੀ ਮਿਜ਼ਾਇਲਾਂ ਨਾਲ ਲੈੱਸ ਹੈ, ਜੋ ਹਵਾ, ਸਤ੍ਵਾ ਅਤੇ ਪਾਣੀ ਦੇ ਥੱਲੇ ਦੁਸ਼ਮਣਾਂ ਨੂੰ ਲੱਭਣ ਅਤੇ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਲਸੈਨਾ ਨੇ ਕਿਸੇ ਜੰਗੀ ਬੇੜੇ ਨੂੰ ਯੂਐੱਸ ਵੈਸਟ ਕੋਸਟ ’ਤੇ ਖੜ੍ਹਾ ਕੀਤਾ ਹੈ। ਇਹ ਭਾਰਤ ਅਤੇ ਅਮਰੀਕਾ ਵਿਚਾਲੇ ਵਧਦੇ ਰੱਖਿਆ ਸਬੰਧਾਂ ਨੂੰ ਦਰਸਾਉਂਦਾ ਹੈ। ਸੰਧੂ ਨੇ ਸਾਂ ਡਿਆਗੋ ਵਿੱਚ ਪਿਛਲੇ ਹਫ਼ਤੇ ਕਿਹਾ, ‘ਜਲਸੈਨਾ ਵਿਚਕਾਰ ਆਪਸੀ ਸਹਿਯੋਗ ਸਾਡੀ ਰੱਖਿਆ ਸਾਂਝੇਦਾਰੀ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹੈ। ਇਹ ਹਿੰਦ-ਪ੍ਰਸ਼ਾਂਤ ਦੇ ਸੰਦਰਭ ਵਿੱਚ ਹੋਰ ਮਜ਼ਬੂਤ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਹੋਏ ਹਨ। -ਪੀਟੀਆਈ