ਲੰਡਨ, 9 ਸਤੰਬਰ
ਮੁੱਖ ਅੰਸ਼
- ਵੈਸਟਮਿੰਸਟਰ ਐਬੇ ’ਚ ਹੋਣਗੀਆਂ ਅੰਤਿਮ ਰਸਮਾਂ
- ਐਡਿਨਬਰਗ ਦੇ ਸੇਂਟ ਜਾਇਲਜ਼ ਗਿਰਜੇ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਰੱਖਣ ਮਗਰੋਂ ਲੰਡਨ ਲਿਆਂਦਾ ਜਾਵੇਗਾ ਤਾਬੂਤ
- ਹਾਊਸ ਆਫ ਕਾਮਨਜ਼ ਦੇ ਮੈਂਬਰ ਕਿੰਗ ਚਾਰਲਸ 3 ਦੇ ਨਾਮ ’ਤੇ ਅੱਜ ਲੈਣਗੇ ਹਲਫ਼
ਬਕਿੰਘਮ ਪੈਲੇਸ ਨੇ ਅੱਜ ਐਲਾਨ ਕੀਤਾ ਕਿ ਸ਼ਾਹੀ ਪਰਿਵਾਰ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਮਗਰੋਂ ਅਗਲੇ ਸੱਤ ਦਿਨ ਤੱਕ ਸੋਗ ਮਨਾਏਗਾ। ਮਹਾਰਾਣੀ ਵੱਲੋਂ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ ਆਖਰੀ ਸਾਹ ਲਏ ਜਾਣ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ ਅਗਲੇ ਕੁਝ ਦਿਨ ਐਡਿਨਬਰਗ ਦੇ ਸੇਂਟ ਜਾਇਲਜ਼ ਗਿਰਜੇ ਵਿੱਚ ਰੱਖਿਆ ਜਾਵੇਗਾ। ਮਗਰੋਂ ਇਹ ਤਾਬੂਤ ਲੰਡਨ ਲਿਆਂਦਾ ਜਾਵੇਗਾ, ਜਿੱਥੇ ਇਸ ਨੂੰ ਚਾਰ ਦਿਨਾ ਲਈ ਵੈਸਟਮਿਨਸਟਰ ਹਾਲ ਵਿੱਚ ਰੱਖਿਆ ਜਾਵੇਗਾ।
ਮਾਂ ਦੀ ਨਾਸਾਜ਼ ਸਿਹਤ ਦੀ ਖ਼ਬਰ ਸੁਣ ਕੇ ਲੰਘੇ ਦਿਨੀਂ ਸਕਾਟਲੈਂਡ ਪੁੱਜੇ ਪ੍ਰਿੰਸ ਚਾਰਲਸ, ਅੱਜ ਵਾਪਸ ਲੰਡਨ ਕਿੰਗ ਚਾਰਲਸ 3 ਵਜੋਂ ਮੁੜੇ। ਲੰਡਨ ਹਵਾਈ ਅੱਡੇ ਪੁੱਜੇ ਕਿੰਗ ਚਾਰਲਸ 3 ਨੂੰ ਅਧਿਕਾਰਤ ਬੈਂਟਲੇ ਗੱਡੀ ਵਿੱਚ ਸ਼ਾਹੀ ਰਿਹਾਇਸ਼ ’ਤੇ ਲਿਜਾਇਆ ਗਿਆ।
ਬੀਬੀਸੀ ਦੀ ਰਿਪੋਰਟ ਮੁਤਾਬਕ ਮਹਾਰਾਣੀ ਦੀਆਂ ਰਾਜਸੀ ਅੰਤਿਮ ਰਸਮਾਂ ਵੈਸਟਮਿੰਸਟਰ ਐਬੇ ਵਿੱਚ ਅਗਲੇ ਦੋ ਹਫ਼ਤਿਆਂ ਅੰਦਰ ਹੋਣਗੀਆਂ। ਰਿਪੋਰਟ ਮੁਤਾਬਕ ਅਸਲ ਤਰੀਕ ਦੀ ਪੁਸ਼ਟੀ ਬਕਿੰਘਮ ਪੈਲੇਸ ਵੱਲੋਂ ਕੀਤੀ ਜਾਵੇਗੀ। ਟਰੱਸ ਸਰਕਾਰ ਮੁਤਾਬਕ ਰਾਜਸੀ ਸ਼ੋਕ ਦੀ ਮਿਆਦ 12 ਦਿਨਾਂ ਦੀ ਰਹੇਗੀ। ਅੰਤਿਮ ਰਸਮਾਂ ਵਾਲੇ ਦਿਨ ਕੌਮੀ ਸੋਗ ਦਿਵਸ ਕਰਕੇ ਸਰਕਾਰੀ ਛੁੱਟੀ ਹੋਵੇਗੀ। ਉਧਰ ਸ਼ਨਿਚਰਵਾਰ ਨੂੰ ਹਾਊਸ ਆਫ਼ ਕਾਮਨਜ਼ ਦੇ ਵਿਸ਼ੇਸ਼ ਇਜਲਾਸ ਦੌਰਾਨ ਸੰਸਦ ਮੈਂਬਰ ਕਿੰਗ ਚਾਰਲਸ 3 ਦੇ ਨਾਮ ’ਤੇ ਹਲਫ਼ ਲੈਣਗੇ। ਕੇਂਦਰੀ ਲੰਡਨ ਵਿੱਚ ਮਹਾਰਾਣੀ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ 96 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਦੌਰਾਨ ਗਿਰਜਾਘਰਾਂ ਦੀਆਂ ਘੰਟੀਆਂ ਵੀ ਵਜਾਈਆਂ ਜਾਣਗੀਆਂ। ਦੱਸਣਾ ਬਣਦਾ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਲੰਘੇ ਦਿਨ ਸਕਾਟਲੈਂਡ ਦੇ ਬੈਲਮੋਰਲ ਕੈਸਲ ਵਿੱਚ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਮਹਾਰਾਣੀ ਨੇ ਸੱਤ ਦਹਾਕਿਆਂ ਤੱਕ ਬਰਤਾਨੀਆ ਦੇ ਤਖ਼ਤ ’ਤੇ ਰਾਜ ਕੀਤਾ। ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਬਾਰੇ ਤਰੀਕ ਨੂੰ ਲੈ ਕੇ ਭਾਵੇਂ ਕੁਝ ਵੀ ਸਪੱਸ਼ਟ ਨਹੀਂ, ਪਰ ਬਕਿੰਘਮ ਪੈਲੇਸ ਨੇ ਇਕ ਬਿਆਨ ਵਿੱਚ ਕਿਹਾ, ‘‘ਕਿੰਗ ਚਾਰਲਸ 3 ਦੀ ਇੱਛਾ ਹੈ ਕਿ ‘ਮਹਾਰਾਣੀ ਦੀਆਂ ਅੰਤਿਮ ਰਸਮਾਂ’ ਮਗਰੋਂ ਸੱਤ ਦਿਨਾਂ ਤੱਕ ਸ਼ਾਹੀ ਸੋਗ ਮਨਾਇਆ ਜਾਵੇਗਾ।’’ -ਪੀਟੀਆਈ
ਬਰਤਾਨਵੀ ਸਲਤਨਤ ਦੀ ਮਹਾਨ ਦੂਤ ਸੀ ਮਹਾਰਾਣੀ: ਟਰੱਸ
ਲੰਡਨ: ਯੂਕੇ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਮੌਤ ਨੇ ਬ੍ਰਿਟੇਨ ਅਤੇ ਦੁਨੀਆ ਭਰ ਵਿੱਚ ‘ਦਿਲੋਂ ਸੋਗ ਦੀ ਲਹਿਰ’ ਪੈਦਾ ਕੀਤੀ ਹੈ। ਟਰੱਸ ਨੇ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਮੌਕੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੰਦਿਆਂ ‘ਸਲਤਨਤ ਦੀ ਮਹਾਨ ਦੂਤ’ ਦੱਸਿਆ। ਉਨ੍ਹਾਂ ਕਿਹਾ ਕਿ ਮਹਾਰਾਣੀ ਦੀ ਆਪਣੀ ਫ਼ਰਜ਼ਾਂ ਪ੍ਰਤੀ ਸਮਰਪਣ ਭਾਵਨਾ ਸਾਡੇ ਸਾਰਿਆਂ ਲਈ ਮਿਸਾਲ ਹੈ। ਟਰੱਸ ਨੇ ਦੋ ਦਿਨ ਪਹਿਲਾਂ ਮਹਾਰਾਣੀ ਐਲਿਜ਼ਾਬੈੱਥ ਨਾਲ ਬੈਲਮੋਰਲ ਕੈਸਲ ਵਿੱਚ ਹੋਈ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ, ‘‘ਆਪਣੇ ਆਖਰੀ ਦਿਨਾਂ ਵਿੱਚ ਵੀ ਉਨ੍ਹਾਂ ਖੁੱਲ੍ਹੇ ਦਿਲ ਨਾਲ ਮੇਰੇ ਨਾਲ ਸਰਕਾਰ ਦੇ ਆਪਣੇ ਡੂੰਘੇ ਤਜਰਬੇ ਨੂੰ ਸਾਂਝਾ ਕੀਤਾ।’’ ਕਾਬਿਲੇਗੌਰ ਹੈ ਕਿ ਵਿਸ਼ੇਸ਼ ਇਜਲਾਸ ਦੌਰਾਨ ਸੰਸਦ ਵਿੱਚ ਆਮ ਵਾਂਗ ਕੰਮਕਾਜ ਨਹੀਂ ਹੋਵੇਗਾ ਤੇ ਸੰਸਦ ਮੈਂਬਰ ਅਗਲੇ ਦੋ ਦਿਨ ਮਹਾਰਾਣੀ ਨਾਲ ਜੁੜੀਆਂ ਯਾਦਾਂ ਬਾਰੇ ਹੀ ਗੱਲ ਕਰਨਗੇ। -ਏਪੀ