ਵਾਸ਼ਿੰਗਟਨ, 14 ਅਕਤੂਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਜੋਖ਼ਮਾਂ ਨੂੰ ਵਧਣ ਤੋਂ ਰੋਕਣ ਲਈ ਮਿਲ ਕੇ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ ਹੈ। ਸੀਤਾਰਾਮਨ ਨੇ ਕਿਹਾ ਕਿ ਭਾਰਤ ਦੀ ਕੋਸ਼ਿਸ਼ ਉਨ੍ਹਾਂ ਸੰਵਾਦਾਂ ਨੂੰ ਹੱਲਾਸ਼ੇਰੀ ਦੇਣਾ ਹੈ, ਜੋ ਸੁਰੱਖਿਅਤ, ਸ਼ਾਂਤੀਪੂਰਨ ਤੇ ਖ਼ੁਸ਼ਹਾਲ ਵਿਸ਼ਵ ਲਈ ‘ਸਾਡੀ ਆਪਸੀ ਨਿਰਭਰਤਾ, ਸਾਡੇ ਸਾਂਝੇ ਗਿਆਨ ਤੇ ਸਾਡੀਆਂ ਸਮੂਹਿਕ ਇੱਛਾਵਾਂ’ ਨੂੰ ਸਮਝਦਾ ਹੈ। ਵਿੱਤ ਮੰਤਰੀ ਕੌਮਾਂਤਰੀ ਮੁਦਰਾ ਫੰਡ ਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਤੋਂ ਇਕਪਾਸੇ ਜੀ-20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਮੀਟਿੰਗ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਆਲਮੀ ਅਰਥਚਾਰੇ ਕਈ ਚੁਣੌਤੀਆਂ ਨਾਲ ਜੂਝ ਰਹੇ ਹਨ ਤੇ ਜੋਖਮਾਂ ਨੂੰ ਵਧਣ ਤੋਂ ਰੋਕਣਾ ‘ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।’’ ਭਾਰਤ ਜੀ-20 ਸਮੂਹ ਦੀ ਅਗਲੇ ਸਾਲ ਪ੍ਰਧਾਨਗੀ ਕਰੇਗਾ, ਜੋ ਮੈਂਬਰ ਮੁਲਕਾਂ ਨੂੰ ਸਾਲਾਨਾ ਅਧਾਰ ’ਤੇ ਵਾਰੀ ਸਿਰ ਮਿਲਦੀ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਜੀ-20 ਦੀ ਪ੍ਰਧਾਨਗੀ ਸਾਂਭਣ ਨੂੰ ਇਕ ਮੌਕੇ ਦੇ ਨਾਲ ਜ਼ਿੰਮੇਵਾਰੀ ਵਜੋਂ ਵੇਖਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਦੀ ਸੋਚ ਦਾ ਆਧਾਰ ਬਹੁ-ਸੰਮਤੀਵਾਦ ਵਿੱਚ ਮੁੜ ਤੋਂ ਵਿਸ਼ਵਾਸ ਕਾਇਮ ਕਰਨਾ ਹੈ।’’ ਵਿੱਤ ਮੰਤਰੀ ਨੇ ਕਿਹਾ ਕਿ ਜੀ-20 ਦੇ ਵਿੱਤ ਮੰਤਰੀ ਸਭ ਤੋਂ ਮੁਸ਼ਕਲ ਆਲਮੀ ਹਾਲਾਤ ਵਿੱਚ ਹਮੇਸ਼ਾ ਇਕਜੁੱਟ ਰਹੇ ਹਨ, ਉਨ੍ਹਾਂ ਆਪਣੇ ਵੱਖਰੇਵਿਆਂ ਨੂੰ ਲਾਂਭੇ ਰੱਖ ਕੇ ਖੁ਼ਸ਼ਹਾਲੀ ਦੇ ਸਾਂਝੇ ਟੀਚੇ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਉਨ੍ਹਾਂ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟਤਾ ਦੀ ਭਾਵਨਾ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣ।
ਇਸ ਦੌਰਾਨ ਸੀਤਾਰਾਮਨ ਨੇ ਜੌਹਨ ਹੌਪਕਿਨਜ਼ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਡਿਜੀਟਲਾਈਜ਼ੇਸ਼ਨ ਭਾਰਤ ਲਈ ਸਭ ਤੋਂ ਵੱਧ ਲਾਭਕਾਰੀ ਸਾਬਤ ਹੋਈ ਹੈ। ਭਾਰਤ ਵਿੱਚ ਤਿਆਰ ਵਸਤਾਂ ਉਨ੍ਹਾਂ ਸਾਰਿਆਂ ਮੁਲਕਾਂ ਲਈ ਉਪਲਬਧ ਹਨ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। -ਪੀਟੀਆਈ
ਗੁਟੇਰੇਜ਼ ਵੱਲੋਂ ਵਿਕਾਸਸ਼ੀਲ ਮੁਲਕਾਂ ਦੀ ਬਾਂਹ ਫੜਨ ਦੀ ਅਪੀਲ
ਸੰਯੁਕਤ ਰਾਸ਼ਟਰ: ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵਿਸ਼ਵ ਦੇ ਮੂਹਰਲੇ 20 ਅਰਥਚਾਰਿਆਂ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੂੰ ਪੱੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਵਿਕਾਸਸ਼ੀਲ ਮੁਲਕਾਂ ਦੀ ਬਾਂਹ ਫੜਨ। ਅਗਲੇ ਮਹੀਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਹੋਣ ਵਾਲੀ ਜੀ-20 ਸਿਖਰ ਵਾਰਤਾ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਯੂਐੱਨ ਮੁਖੀ ਨੇ ਕਿਹਾ ਕਿ ਮੁਸ਼ਕਲ ਵਿੱਤੀ ਹਾਲਾਤ ਤੇ ਕਰਜ਼ਿਆਂ ਦੇ ਵਧਦਾ ਬੋਝ, ਰਹਿਣ ਸਹਿਣ ਦੀ ਵਧਦੀ ਲਾਗਤ ਨੇ ਅਰਥਚਾਰਿਆਂ ਨੂੰ ਵੱਡੀ ਸੱਟ ਮਾਰੀ ਹੈ। -ਏਪੀ