ਵਾਸ਼ਿੰਗਟਨ, 8 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲੇ ਨੂੰ ਪਲਟਦਿਆਂ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਲਈ 45 ਕਰੋੜ ਅਮਰੀਕੀ ਡਾਲਰਾਂ ਦੀ ਵਿੱਤੀ ਸਹਾਇਤਾ ਲਈ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਉਹ ਮੌਜੂਦਾ ਸਮੇਂ ਤੇ ਭਵਿੱਖ ਵਿੱਚ ਅਤਿਵਾਦ ਵਿਰੋਧੀ ਖ਼ਤਰਿਆਂ ਨਾਲ ਨਜਿੱਠ ਸਕੇ। ਪਿਛਲੇ ਚਾਰ ਵਰ੍ਹਿਆਂ ਵਿੱਚ ਇਸਲਾਮਾਬਾਦ ਨੂੰ ਦਿੱਤੀ ਜਾ ਰਹੀ ਇਹ ਸਭ ਤੋਂ ਵੱਡੀ ਸੁਰੱਖਿਆ ਮਦਦ ਹੈ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਸਾਲ 2018 ਵਿੱਚ ਦਹਿਸ਼ਤੀ ਸੰਗਠਨਾਂ ਅਫਗਾਨ ਤਾਲਿਬਾਨ ਤੇ ਹੱਕਾਨੀ ਨੈੱਟਵਰਕ ’ਤੇ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ’ਤੇ ਉਸ ਨੂੰ ਦਿੱਤੀ ਜਾਣ ਵਾਲੀ ਲਗਪਗ 2 ਅਰਬ ਡਾਲਰ ਦੀ ਵਿੱਤੀ ਸਹਾਇਤਾ ਰੋਕ ਦਿੱਤੀ ਸੀ। ਅਮਰੀਕੀ ਸੰਸਦ ਨੂੰ ਦਿੱਤੇ ਨੋਟੀਫਿਕੇਸ਼ਨ ਵਿੱਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਨੂੰ ਐੱਫ-16 ਲੜਾਕੂ ਜਹਾਜ਼ਾਂ ਦੇ ਰੱਖ-ਰਖਾਅ ਲਈ ਸੰਭਾਵਿਤ ਵਿਦੇਸ਼ੀ ਫ਼ੌਜੀ ਸਹਾਇਤਾ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ। ਮੰਤਰਾਲੇ ਨੇ ਦਲੀਲ ਦਿੱਤੀ ਕਿ ਇਸ ਨਾਲ ਇਸਲਾਮਾਬਾਦ ਨੂੰ ਵਰਤਮਾਨ ਤੇ ਭਵਿੱਖ ਵਿੱਚ ਅਤਿਵਾਦ ਦੇ ਖ਼ਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਬਣਾਈ ਰੱਖਣ ਵਿੱਚ ਮਦਦ ਮਿਲੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘ਅਮਰੀਕੀ ਸਰਕਾਰ ਨੇ ਕਾਂਗਰਸ ਨੂੰ ਪਾਕਿਸਤਾਨ ਦੀ ਹਵਾਈ ਸੈਨਾ ਦੇ ਐੱਫ- 16 ਪ੍ਰੋਗਰਾਮ ਨੂੰ ਬਰਕਰਾਰ ਰੱਖਣ ਲਈ ਤਜਵੀਜ਼ਤ ਮਦਦ ਬਾਰੇ ਜਾਣਕਾਰੀ ਦੇ ਦਿੱਤੀ ਹੈ।’ ਪਾਕਿਸਤਾਨ ਇੱਕ ਅਹਿਮ ਅਤਿਵਾਦ ਵਿਰੋਧੀ ਭਾਈਵਾਲ ਹੈ ਤੇ ਦੀਰਘਕਾਲੀ ਨੀਤੀ ਦੇ ਹਿੱਸੇ ਵਜੋਂ ਅਮਰੀਕਾ ਵੱਲੋਂ ਅਮਰੀਕੀ ਮੂਲ ਦੇ ਸਾਜ਼ੋ-ਸਾਮਾਨ ਦੇ ਰੱਖ-ਰਖਾਅ ਲਈ ਪੈਕੇਜ ਮੁਹੱਈਆ ਕਰਵਾਏ ਜਾਂਦੇ ਹਨ। -ਪੀਟੀਆਈ