ਇਸਲਾਮਾਬਾਦ, 26 ਅਪਰੈਲ
ਪਾਕਿਸਤਾਨ ਸਰਕਾਰ ਨੇ ਅੱਜ ਕਿਹਾ ਕਿ ਮੁਲਕ ਦੇ ਵਜ਼ੀਰੇ ਆਜ਼ਮ ਸ਼ਾਹਬਾਜ਼ ਸ਼ਰੀਫ਼ ਆਪਣੇ ਖਰਚੇ ’ਤੇ ਕਮਰਸ਼ੀਅਲ ਉਡਾਣ ਰਾਹੀਂ ਸਾਊਦੀ ਅਰਬ ਦੀ ਯਾਤਰਾ ਕਰਨਗੇ। ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਉਹ ਸਰਕਾਰੀ ਖਰਚੇ ’ਤੇ ਆਪਣੇ ਨਾਲ ਵੱਡਾ ਲਾਮ ਲਸ਼ਕਰ ਲੈ ਕੇ ਜਾ ਰਹੇ ਹਨ, ਜਿਸ ਵਿੱਚ ਉਨ੍ਹਾਂ ਦੇ 16 ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।
ਸੂਚਨਾ ਤੇ ਪ੍ਰਸਾਰਣ ਮੰਤਰੀ ਮਰੀਅਮ ਔਰੰਗਜ਼ੇਬ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਵੱਲੋਂ ਸਰਕਾਰੀ ਫੇਰੀ ਨੂੰ ਲੈ ਕੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਰੀਫ਼ ਦੀ ਪਲੇਠੀ ਸਾਊਦੀ ਅਰਬ ਫੇਰੀ ਨੂੰ ਲੈ ਕੇ ‘ਭਰਮ’ ਫੈਲਾਇਆ ਜਾ ਰਿਹੈ। ਮੰਤਰੀ ਨੇ ਟਵੀਟ ਕੀਤਾ, ‘‘ਪੀਟੀਆਈ ਵੱਲੋਂ ਫੈਲਾਏ ਜਾ ਰਹੇ ਝੂਠ ਦੇ ਉਲਟ ਪ੍ਰਧਾਨ ਮੰਤਰੀ ਵੀਰਵਾਰ ਨੂੰ ਆਪਣੇ ਖਰਚੇ ’ਤੇ ਕਮਰਸ਼ੀਅਲ ਉਡਾਣ ਰਾਹੀਂ ਸਾਊਦੀ ਅਰਬ ਦੀ ਯਾਤਰਾ ਕਰਨਗੇ।’’ ਉਨ੍ਹਾਂ ਕਿਹਾ, ‘‘ਸ਼ਾਹਬਾਜ਼ ਸ਼ਰੀਫ਼ ਨੇ 2008 ਤੋਂ 2018 ਦੇ ਦਸ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਸੂਬੇ ਦਾ ਮੁੱਖ ਮੰਤਰੀ ਰਹਿੰਦਿਆਂ ਵੀ ਆਪਣੇ ਖਰਚੇ ’ਤੇ ਕਮਰਸ਼ੀਅਲ ਉਡਾਣਾਂ ਰਾਹੀਂ ਸਫ਼ਰ ਕੀਤਾ ਹੈ।’’ ਵੀਰਵਾਰ ਤੋਂ ਸ਼ੁਰੂ ਹੋ ਰਹੀ ਆਪਣੀ ਇਸ ਫੇਰੀ ਦੌਰਾਨ ਸ਼ਰੀਫ਼, ਸਾਊਦੀ ਆਗੂਆਂ ਨਾਲ ਗੱਲਬਾਤ ਤੋਂ ਇਲਾਵਾ ਮੱਕਾ ਵੀ ਜਾਣਗੇ। -ਪੀਟੀਆਈ