ਸਿਡਨੀ, 4 ਜੁਲਾਈ
ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਉਣ ਦੇ ਡਰੋਂ ਇੱਥੋਂ ਦੇ 30,000 ਵਸਨੀਕਾਂ ਨੂੰ ਆਪੋ-ਆਪਣੇ ਘਰ ਖਾਲੀ ਕਰਨ ਜਾਂ ਛੱਡਣ ਵਾਸਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸ਼ੁੱਕਰਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮ ਭਰ ਗਏ ਹਨ ਅਤੇ ਨਦੀਆਂ ਦੇ ਬੰਨ੍ਹ ਟੁੱਟ ਗਏ ਹਨ। ਸ਼ਹਿਰ ਦੇ 50 ਲੱਖ ਲੋਕਾਂ ਨੂੰ ਇਸ ਸਾਲ ਚੌਥੀ ਵਾਰ ਹੜ੍ਹ ਐਮਰਜੰਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੰਸੀ ਮੈਨੇਜਮੈਂਟ ਮੰਤਰੀ ਮੱਰੇ ਵਾਟ ਨੇ ਕਿਹਾ ਕਿ ਇਹ ਹੜ੍ਹ ਇਨ੍ਹਾਂ ਖੇਤਰਾਂ ਵਿੱਚ 18 ਮਹੀਨੇ ਪਹਿਲਾਂ ਆਏ ਤਿੰਨ ਹੜ੍ਹਾਂ ਨਾਲੋਂ ਵੀ ਵੱਧ ਖ਼ਤਰਨਾਕ ਹੋ ਸਕਦੇ ਹਨ। ਨਿਊ ਸਾਊਥ ਵੇਲਜ਼ ਸੂਬੇ ਦੇ ਮੁਖੀ ਡੌਮਨਿਕ ਪੇਰੋਟੇਟ ਨੇ ਕਿਹਾ ਕਿ ਹੁਣ ਤੱਕ 32,000 ਵਿਅਕਤੀ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਇਹ ਗਿਣਤੀ ਹੋਰ ਵੱਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹਨ।
ਆਸਟਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਦੇ ਮੈਨੇਜਨ ਜੇਨ ਗੋਲਡਿੰਗ ਨੇ ਕਿਹਾ ਕਿਹਾ ਕਿ ਸਿਡਨੀ ਦੇ ਉੱਤਰ ਵਿੱਚ ਨਿਊਕੈਸਲ ਅਤੇ ਸਿਡਨੀ ਦੇ ਦੱਖਣ ਵਿੱਚ ਵੋਲੋਂਗੋਂਗ ਵਿਚਾਲੇ ਕੁੱਝ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਮੀਟਰ (39 ਇੰਚ) ਤੋਂ ਵੱਧ ਮੀਂਹ ਪਿਆ ਹੈ। ਕੁੱਝ ਖੇਤਰਾਂ ਵਿੱਚ 1.5 ਮੀਟਰ (59 ਇੰਚ) ਮੀਂਹ ਵੀ ਦਰਜ ਕੀਤਾ ਗਿਆ ਹੈ। -ਏਪੀ