ਕੁਲਦੀਪ ਸਿੰਘ
ਨਵੀਂ ਦਿੱਲੀ, 25 ਮਈ
ਅਲ ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ, ਈਰਾਨ ਦੇ ਭਾਰਤ ਵਿਚ ਵਾਈਸ ਚਾਂਸਲਰ ਡਾ. ਰਜ਼ਾ ਸ਼ਕੇਰੀ ਰੂਦਬਾਰਾਕੀ ਦੇ ਦਿੱਲੀ ਪਹੁੰਚਣ ’ਤੇ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਅਤੇ ਬੀਬੀ ਮਜਿੰਦਰ ਕੌਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਫ਼ਾਰਸੀ ਅਤੇ ਪੰਜਾਬੀ ਭਾਸ਼ਾ ’ਚ ਵਰਤੋਂ ਵਿੱਚ ਲਿਆਂਦੇ ਜਾ ਰਹੇ ਇੱਕੋ ਜਿਹੇ ਸ਼ਬਦਾਂ ਉਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਵਿਰਾਸਤ ਸਿੱਖਇਜ਼ਮ ਟਰੱਸਟ ‘ਫ਼ਾਰਸੀ ਅਤੇ ਪੰਜਾਬੀ ਭਾਸ਼ਾ’ ਦੇ ਸਾਂਝੇ ਸ਼ਬਦਾਂ ਉਤੇ ਜਲਦ ਹੀ ਦਿੱਲੀ ਯੂਨੀਵਰਸਿਟੀ ਅਤੇ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਵਰਕਸ਼ਾਪਾਂ ਦਾ ਆਯੋਜਨ ਕਰਵਾਉਣ ਲਈ ਉਪਰਾਲੇ ਕਰੇਗੀ। ਇਸ ਮੌਕੇ ਡਾ. ਰਜ਼ਾ ਸ਼ਕੇਰੀ ਰੂਦਬਾਰਾਕੀ ਨੇ ਕਿਹਾ ਕਿ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਕਿਤਾਬਚੇ ਨੂੰ ਪੜ੍ਹ ਕੇ ਮਾਣ ਮਹਿਸੂਸ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੀ ਮਾਂ ਬੋਲੀ ਫ਼ਾਰਸੀ ਜ਼ੁਬਾਨ ਦੇ ਲਫ਼ਜ਼ਾਂ ਨੂੰ ਸਿੱਖ ਗੁਰੂ ਸਾਹਿਬਾਨਾਂ ਨੇ ਬੜੇ ਖ਼ੂਬਸੂਰਤ ਤਰੀਕੇ ਨਾਲ ਵਰਤੋਂ ਵਿੱਚ ਲਿਆਂਦਾ ਹੈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਨੇ ਕਿਹਾ ਕਿ ਸਾਡਾ ਟੀਚਾ ਹਮੇਸ਼ਾ ਇਹੀ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਰਬ ਸਾਂਝੀਵਾਲਤਾ ਦੇ ਪੈਗਾਮ ਨਾਲ ਸੰਸਾਰ ਭਰ ਨੂੰ ਇੱਕ ਗਲੋਬਲ ਸਮਾਜ ਵਿਚ ਪਰੋਇਆ ਜਾਵੇ। ਇਸ ਮੌਕੇ ਵਿਰਾਸਤ ਸਿੱਖਇਜ਼ਮ ਟਰੱਸਟ ਵੱਲੋਂ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਜਾਫ਼ਰੀ ਨੂੰ ਵੀ ਕਿਤਾਬਚਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਜ਼ਾ ਸ਼ਕੇਰੀ ਨੇ ਟਰੱਸਟ ਦੀ ਸਮੁੱਚੀ ਟੀਮ ਅਤੇ ਮੌਕੇ ’ਤੇ ਮੌਜੂਦ ਅੰਤਰਿਮ ਮੈਂਬਰ ਹਰਮਿੰਦਰ ਸਿੰਘ ਅਤੇ ਮਜਿੰਦਰ ਕੌਰ ਦਾ ਸਨਮਾਨ ਚਿੰਨ੍ਹ ਦੇਣ ਲਈ ਧੰਨਵਾਦ ਕੀਤਾ।