ਪੱਤਰ ਪ੍ਰੇਰਕ
ਅਟਾਰੀ, 24 ਜਨਵਰੀ
ਪਾਕਿਸਤਾਨ ਸਰਕਾਰ ਵੱਲੋਂ ਕਰਾਚੀ ਜੇਲ੍ਹ ’ਚੋਂ ਰਿਹਾਅ ਕੀਤੇ ਗਏ ਭਾਰਤੀ ਮੂਲ ਦੇ 20 ਮਛੇਰੇ ਅੱਜ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਤੋਂ ਬਾਅਦ ਦੇਰ ਰਾਤ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਏ ਹਨ। ਪਾਕਿਸਤਾਨ ਰੇਂਜਰਜ਼ ਨੇ ਮਛੇਰਿਆਂ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਹਵਾਲੇ ਕੀਤਾ।
ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿੱਚ ਚਾਰ ਸਾਲ ਕੈਦ ਕੱਟ ਕੇ ਆਏ ਭਾਰਤੀ ਮਛੇਰੇ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਇਨ੍ਹਾਂ ਨੂੰ ਪਾਕਿਸਤਾਨੀ ਜਲ ਖੇਤਰ ’ਚ ਗੈਰਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਮਛੇਰੇ ਭਾਵੇਸ਼ ਭੀਕਾ ਨੇ ਦੱਸਿਆ ਕਿ ਉਹ ਜਿਸ ਕਿਸ਼ਤੀ ’ਤੇ ਸਵਾਰ ਹੋ ਕੇ ਸਾਥੀਆਂ ਨਾਲ ਮੱਛੀਆਂ ਫੜ ਰਹੇ ਸਨ। ਉਹ ਰਾਤ ਸਮੇਂ ਗਲਤੀ ਨਾਲ ਪਾਕਿਸਤਾਨੀ ਇਲਾਕੇ ਵੱਲ ਵਹਿ ਗਏ ਸਨ। ਸਮੁੰਦਰ ਵਿੱਚ ਕੋਈ ਸਰਹੱਦੀ ਨਿਸ਼ਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਬਾਰੇ ਪਤਾ ਨਾ ਲੱਗਿਆ।
ਮਛੇਰਿਆਂ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਸਮੁੰਦਰ ਵਿੱਚ ਮੱਛੀਆਂ ਫੜਨ ਵਾਲੇ ਮਛੇਰਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੀ ਜਗ੍ਹਾ ਪੁੱਛ-ਪੜਤਾਲ ਕਰਨ ਪਿੱਛੋਂ ਸਮੁੰਦਰ ਵਿੱਚ ਹੀ ਛੱਡ ਦੇਣਾ ਚਾਹੀਦਾ ਹੈ। ਇੱਕ ਮਛੇਰੇ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਈ ਤੋਂ ਬਾਅਦ ਹੁਣ ਕਰਾਚੀ ਤੇ ਮਲੀਰ ਜੇਲ੍ਹ ਵਿੱਚ 568 ਭਾਰਤੀ ਮਛੇਰੇ ਬੰਦ ਹਨ। ਅਟਾਰੀ ਸਰਹੱਦ ’ਤੇ ਕਸਟਮ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਟਾਰੀ ਸਰਹੱਦ ਤੋਂ ਮਛੇਰਿਆਂ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਏ।