ਪੱਤਰ ਪ੍ਰੇਰਕ
ਚੰਡੀਗੜ੍ਹ, 4 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਬਲਾਈਂਡ ਵਿਦਿਆਰਥੀਆਂ ਨੂੰ ਪੁਲੀਸ ਨੇ ਉਸ ਸਮੇਂ ਡੱਕ ਲਿਆ ਜਦੋਂ ਉਹ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਮਿਲ ਕੇ ‘ਵਰਸਿਟੀ ਅਥਾਰਿਟੀ ਦੇ ਵਿਦਿਆਰਥੀ ਵਿਰੋਧੀ ਵਤੀਰੇ ਬਾਰੇ ਦੱਸਣ ਲਈ ਜਾਣ ਲੱਗੇ ਸਨ। ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀਆਂ ਤੱਕ ਦੇਣ ਲਈ ਆਖ ਦਿੱਤਾ ਅਤੇ ਵਿਦਿਆਰਥੀ ਵੀ ਤਿਆਰ ਹੋ ਗਏ। ਲਾਅ ਵਿਭਾਗ ਦੇ ਆਡੀਟੋਰੀਅਮ ਵਿੱਚ ਉਪ-ਰਾਸ਼ਟਰਪਤੀ ਦਾ ਭਾਸ਼ਣ ਚਲਦਾ ਹੋਣ ਕਰਕੇ ਡੀ.ਐੱਸ.ਡਬਲਯੂ. (ਲੜਕੇ) ਪ੍ਰੋ. ਜਗਤਾਰ ਸਿੰਘ ਧਰਨੇ ਵਾਲੀ ਥਾਂ ‘ਤੇ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਲੰਬੀ ਗੱਲਬਾਤ ਕਰਦੇ ਰਹੇ। ਜਦੋਂ ਤੱਕ ਧਰਨਾ ਚੱਲਦਾ ਰਿਹਾ, ਉਦੋਂ ਤੱਕ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਆਪਣੀਆਂ ਗੱਲਾਂ ਵਿੱਚ ਲਗਾ ਕੇ ਰੱਖਿਆ ਗਿਆ ਅਤੇ ਮੰਗਾਂ ਦੇ ਹੱਲ ਬਾਰੇ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਬਲਾਈਂਡ ਵਿਦਿਆਰਥੀਆਂ ਵਿੱਚ ਨੀਰੂ, ਸਚਿਨ ਸ਼ਰਮਾ, ਰੋਹਿਤਪ੍ਰੀਤ ਸਿੰਘ ਤੇ ਹਰਪੁਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਭਰੋਸੇ ਤਾਂ ਲਗਾਤਾਰ ਮਿਲਦੇ ਆ ਰਹੇ ਹਨ ਪ੍ਰੰਤੂ ਉਹ ਹਕੀਕਤ ਵਿੱਚ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਦੀ ਜ਼ਿੱਦ ਅੱਗੇ ਡੀ.ਐੱਸ.ਡਬਲਯੂ. ਜਗਤਾਰ ਸਿੰਘ ਅਤੇ ਐਸੋਸੀਏਸਟ ਡੀਨ ਭਲਾਈ ਪ੍ਰੋ. ਅਸ਼ੋਕ ਕੁਮਾਰ ਟਿਕ ਨਾ ਸਕੇ। ਇਸ ਮੌਕੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ. ਲਲਕਾਰ, ਐੱਸ.ਐੱਫ.ਐੱਸ., ਸੱਥ, ਏ.ਐੱਸ.ਏ. ਆਦਿ ਜਥੇਬੰਦੀਆਂ ਦੇ ਆਗੂਆਂ ਨੇ ਵੀ ਧਰਨੇ ਵਿੱਚ ਸ਼ਾਮਲ ਹੋ ਕੇ ਬਲਾਈਂਡ ਵਿਦਿਆਰਥੀਆਂ ਦਾ ਸਾਥ ਦਿੰਦਿਆਂ ਪੀ.ਯੂ. ਅਥਾਰਿਟੀ ਖਿਲਾਫ਼ ਨਾਅਰੇਬਾਜ਼ੀ ਕੀਤੀ।
ਬਲਾਈਂਡ ਵਿਦਿਆਰਥੀਆਂ ਨੇ ਕਿਹਾ ਕਿ ਪੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਤਾਂ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸੁਣਦੇ ਨਹੀਂ ਅਤੇ ਅੱਜ ਜਦੋਂ ਉਹ ਚਾਂਸਲਰ ਜਗਦੀਪ ਧਨਖੜ ਨੂੰ ਮਿਲਣ ਲਈ ਗਏ ਤਾਂ ਪੁਲੀਸ ਬਲ ਨਾਲ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਅਥਾਰਿਟੀ ਦੇ ਵਤੀਰੇ ਤੋਂ ਤੰਗ ਆ ਕੇ ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਧਰਨਾਕਾਰੀ ਵਿਦਿਆਰਥੀਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਅਥਾਰਿਟੀ ਵਿਦਿਆਰਥੀਆਂ ਦੀਆਂ ਮੰਗਾਂ ਸਮਝਣ ਜਾਂ ਮੰਨਣ ਦੀ ਬਜਾਏ ਇਸ ਮੁੱਦੇ ਦਾ ਸਿਆਸੀਕਰਨ ਕਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ‘ਵਰਸਿਟੀ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਏ.ਸੀ. ਜੋਸ਼ੀ ਲਾਇਬਰੇਰੀ ਤੱਕ ਅੱਖਾਂ ਬੰਦ ਕਰਕੇ ਪੈਦਲ ਚੱਲਣ ਅਤੇ ਅੱਖਾਂ ਬੰਦ ਕਰਕੇ ਲੇਖਣੀ ਕਰਨ ਤਾਂ ਅਥਾਰਿਟੀ ਨੂੰ ਬਲਾਈਂਡ ਵਿਦਿਆਰਥੀਆਂ ਦੀਆਂ ਮੰਗਾਂ ਖ਼ੁਦ ਸਮਝ ਆ ਜਾਣਗੀਆਂ।