ਬਨੂੜ (ਪੱਤਰ ਪ੍ਰੇਰਕ): ਪਿੰਡ ਮਨੌਲੀ ਸੂਰਤ ਦੇ ਸਰਪੰਚ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਨੈਬ ਸਿੰਘ ਨੂੰ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਡੀਕੇ ਤਿਵਾੜੀ ਨੇ ਮੁੜ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਰਪੰਚ ਨੈਬ ਸਿੰਘ ਨੂੰ 18-10-2022 ਨੂੰ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਮੁਅੱਤਲ ਕੀਤਾ ਸੀ। ਸਰਪੰਚ ਉੱਤੇ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਸਮਸ਼ਾਨ ਘਾਟ ਵਿੱਚੋਂ ਬਿਨਾਂ ਕਿਸੇ ਅਗਾਊਂ ਮਨਜ਼ੂਰੀ ਦੇ 19 ਦਰੱਖਤ ਕਟਾਏ ਜਾਣ ਦਾ ਦੋਸ਼ ਲਾਇਆ ਸੀ। ਰਾਜਪੁਰਾ ਦੇ ਬੀਡੀਪੀਓ ਅਤੇ ਪਟਿਆਲਾ ਦੇ ਡੀਡੀਪੀਓ ਵੱਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਸਹੀ ਦੱਸਦਿਆਂ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ। ਸਰਪੰਚ ਨੈਬ ਸਿੰਘ ਨੇ ਡਾਇਰੈਕਟਰ ਦੇ ਫੈਸਲੇ ਵਿਰੁੱਧ ਵਿੱਤੀ ਕਮਿਸ਼ਨਰ ਕੋਲ ਅਪੀਲ ਕੀਤੀ ਸੀ। ਤਤਕਾਲੀ ਐਫਸੀ ਕੇ ਸ਼ਿਵਾ ਪ੍ਰਸ਼ਾਦ ਨੇ 9-2-2023 ਨੂੰ ਡਾਇਰੈਕਟਰ ਦੇ ਫ਼ੈਸਲੇ ‘ਤੇ ਰੋਕ ਲਗਾਉਂਦਿਆਂ ਸਟੇਅ ਆਰਡਰ ਜਾਰੀ ਕੀਤੇ ਸਨ, ਜਿਨ੍ਹਾਂ ਨਾਲ ਸਰਪੰਚ ਮੁੜ ਬਹਾਲ ਹੋ ਗਿਆ ਸੀ।