ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ
ਇਥੋਂ ਦੇ ਇਕ ਵਪਾਰੀ ਪਾਸੋਂ 7 ਲੱਖ ਰੁਪਏ ਫਿਰੌਤੀ ਮੰਗਣ ਦੇ ਦੋਸ਼ ਵਿੱਚ ਪੁਲੀਸ ਨੇ ਉਸੇ ਵਪਾਰੀ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ| ਐਸਐਸਪੀ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਇਥੋਂ ਦੀ ਨਾਰੰਗ ਕਲੋਨੀ ਦੇ ਵਾਸੀ ਸਾਧੂ ਰਾਮ ਪੁੱਤਰ ਹੰਸ ਰਾਜ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਪਾਸੋਂ 7 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ| ਇਸ ਸਬੰਧ ਵਿੱਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਪੜਤਾਲ ਕਰਦਿਆਂ ਪਾਇਆ ਕਿ ਇਹ ਕਾਰਵਾਈ ਸਾਧੂ ਰਾਮ ਦੇ ਮੁਲਾਜ਼ਮ ਰਤਨ ਸਿੰਘ ਵਾਸੀ ਚੱਕ ਦੂਹੇਵਾਲਾ ਦੀ ਹੈ| ਪੁਲੀਸ ਨੇ ਰਤਨ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।