ਪੱਤਰ ਪ੍ਰੇਰਕ
ਪੱਟੀ, 23 ਮਾਰਚ
ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਪੱਟੀ ਅੱਗੇ ਲੋਕ ਮੰਗਾਂ ਦੇ ਪੱਕੇ ਹੱਲ ਕਰਵਾਉਣ ਵਾਸਤੇ ਨੌਂ ਮਹੀਨਿਆਂ ਤੋਂ ਚੱਲਦੇ ਆ ਰਹੇ ਧਰਨਾ ਸਥਾਨ ‘ਤੇ ਇਨਕਲਾਬੀ ਦੇਸ਼ ਭਗਤਾਂ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲੋਂ ਦੇਸ਼ ਦੀ ਮਿੱਟੀ ਲਈ ਦਿੱਤੇ ਗਏ ਬਲੀਦਾਨ ਨੂੰ ਯਾਦ ਕਰਦਿਆਂ ਕਿਹਾ ਕਿ ‘ਆਪ’ ਪਾਰਟੀ ਨੇ ਪੰਜਾਬ ਅੰਦਰ ਬਸੰਤੀ ਪੰਗਾਂ ਬੰਨ੍ਹ ਕੇ ਸਿਰਫ਼ ਵੋਟਾਂ ਹੀ ਬਟੋਰੀਆਂ ਹਨ ਜਦੋਂ ਕਿ ‘ਆਪ’ ਸਰਕਾਰ ਇਨਕਲਾਬੀ ਸ਼ਹੀਦਾਂ ਦੇ ਅਸਲ ਮਕਸਦ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਆਸੀ ਲਾਹਾ ਲੈਣ ਲਈ ਲੋਕ ਹਿੱਤ ਜਨਤਕ ਸੰਘਰਸ਼ ਕਰਨ ਵਾਲੇ ਪੰਜਾਬੀਆਂ ਉਪਰ ਸਰਕਾਰੀ ਤਸ਼ੱਦਦ ਅਤੇ ਅੱਤਿਆਚਾਰ ਕਰਕੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ‘ਆਪ’ ਨੂੰ ਭੁਗਤਣਾ ਪਵੇਗਾ। ਇਸ ਮੌਕੇ ਤਰਸੇਮ ਸਿੰਘ ਧਾਰੀਵਾਲ, ਮੇਹਰ ਸਿੰਘ ਤਲਵੰਡੀ ਬਿਕਰਮਜੀਤ ਸਿੰਘ ਆ ਸਣੇ ਕਿਸਾਨ ਹਾਜ਼ਰ ਸਨ।