ਅਮਰਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਵਿਚ ਹੋ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਤੇ ਪਿੰਡ ਬਾਗੜੀਆਂ ਵਿਚ ਵਿਕ ਰਹੇ ਨਸ਼ੇ ਸਬੰਧੀ ਐੱਸਐੱਸਪੀ ਮਾਲੇਰਕੋਟਲਾ ਨੂੰ ਮੰਗ ਪੱਤਰ ਡੀਐੱਸਪੀ ਗੁਰਇਕਬਾਲ ਸਿੰਘ ਰਾਹੀਂ ਦਿੱਤਾ ਗਿਆ। ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਰਕਲ ਜਥੇਦਾਰ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਨੇ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਭੱਟੀਆਂ ਕਲਾਂ ਦੇ ਸਾਬਕਾ ਸਰਪੰਚ ਦੇ ਘਰੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ, ਅਸਲੇ ਦੀ ਚੋਰੀ, ਪਿੰਡ ਬਨਭੌਰਾ ਦੇ ਕਿਸਾਨ ਨਰਿੰਦਰ ਸਿੰਘ ਦੀਆਂ ਮੱਝਾਂ ਚੋਰੀ, ਪਿੰਡ ਸਲਾਰ ਤੇ ਮੰਨਵੀਂ ਦੇ ਸਰਕਾਰੀ ਸਕੂਲ ਵਿੱਚੋਂ ਸਾਮਾਨ ਚੋਰੀ, ਝੂੰਦਾਂ ਵਿੱਚ ਦਿਨ ਦਿਹਾੜੇ ਲੁੱਟ, ਮੂਲਾਬੱਧਾ ਦੇ ਨੌਜਵਾਨ ਦੀ ਲੁੱਟ ਆਦਿ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਚੋਰੀ ਦੀਆਂ ਵਾਰਦਾਤਾਂ ਨੂੰ ਜਲਦ ਠੱਲ੍ਹ ਨਾ ਪਾਈ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਵਿੱਢਿਆ ਜਾਵੇਗਾ। -ਪੱਤਰ ਪ੍ਰੇਰਕ