ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਨਵੰਬਰ
ਦਿੱਲੀ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਹੈ ਕਿ ਦਿੱਲੀ ਸਿਵਲ ਬਾਡੀ ਚੋਣਾਂ (ਐੱਮਸੀਡੀ) ਚਾਰ ਦਸੰਬਰ ਨੂੰ ਹੋਣਗੀਆਂ ਅਤੇ ਨਤੀਜੇ ਸੱਤ ਦਸੰਬਰ ਨੂੰ ਐਲਾਨੇ ਜਾਣਗੇ। ਰਾਜ ਚੋਣ ਕਮਿਸ਼ਨਰ ਡਾ. ਵਿਜੈ ਦੇਵ ਨੇ ਦੱਸਿਆ ਕਿ 14 ਨਵੰਬਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੋਵੇਗਾ ਤੇ ਅੱਜ ਤੋਂ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 42 ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੇਂ ਹਨ। 50 ਫ਼ੀਸਦ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। 1 ਜਨਵਰੀ, 2022 ਤੱਕ ਦਿੱਲੀ ਵਿੱਚ 1.46 ਕਰੋੜ ਤੋਂ ਘੱਟ ਵੋਟਰ ਸਨ। ਵੋਟਿੰਗ ਪਿਛਲੀ ਵਾਰ ਦੀ ਤਰ੍ਹਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਹੋਵੇਗੀ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰਾਂ ‘ਤੇ ਪਾਬੰਦੀ ਰਹੇਗੀ। ਚੋਣ ਪ੍ਰਚਾਰ ‘ਤੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ 5.75 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਾਲ ਦੇ ਸ਼ੁਰੂ ਵਿੱਚ ਕੇਂਦਰ ਨੇ ਦਿੱਲੀ ਨਗਰ ਨਿਗਮ ਦੇ ਅਧੀਨ ਸ਼ਹਿਰ ਦੇ ਤਿੰਨ ਨਗਰ ਨਿਗਮਾਂ ਨੂੰ ਇਕਜੁੱਟ ਕੀਤਾ ਅਤੇ ਵਾਰਡਾਂ ਦੀ ਕੁੱਲ ਗਿਣਤੀ 272 ਤੋਂ ਘਟਾ ਕੇ 250 ਕਰ ਦਿੱਤੀ।
ਇਸ ਤੋਂ ਪਹਿਲਾਂ ਅੱਜ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਆਦੇਸ਼ ਗੁਪਤਾ ਨੇ ਯੱਗ ਨਾਲ ਪਾਰਟੀ ਦੇ ਐੱਮਸੀਡੀ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਭਾਜਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਹੈ।
ਐੱਮਸੀਡੀ ਦੇ ਆਪਣੇ ਕਾਰਜਕਾਲ ‘ਚ ਭਾਜਪਾ ਨੇ ਕੂੜੇ ਦੇ ਪਹਾੜ ਬਣਾਏ: ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਐੱਮਸੀਡੀ ਵਿੱਚ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਦਿੱਲੀ ਵਿੱਚ ਕੂੜੇ ਦੇ ਪਹਾੜ ਬਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਚੁਣਨਗੇ। ਕੇਜਰੀਵਾਲ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ, ”ਪਿਛਲੇ 15 ਸਾਲਾਂ ਵਿੱਚ ਭਾਜਪਾ ਨੇ ਹਰ ਪਾਸੇ ਕੂੜਾ ਫੈਲਾਇਆ ਹੈ ਅਤੇ ਕੂੜੇ ਦੇ ਪਹਾੜ ਬਣਾਏ ਹਨ। ਚਾਰ ਦਸੰਬਰ ਨੂੰ ਦਿੱਲੀ ਵਾਸੀ ਸਵੱਛਤਾ ਲਈ ਵੋਟ ਪਾਉਣਗੇ। ਉਹ ਦਿੱਲੀ ਨੂੰ ਸੁੰਦਰ ਬਣਾਉਣ ਲਈ ਵੋਟ ਕਰਨਗੇ।’ ‘ਆਪ’ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸੀ। ‘ਆਪ’ ਦੇ ਐੱਮਸੀਡੀ ਚੋਣ ਇੰਚਾਰਜ ਦੁਰਗੇਸ਼ ਪਾਠਕ ਵੱਲੋਂ ਬੀਤੇ ਮਹੀਨਿਆਂ ਦੌਰਾਨ ਭਾਜਪਾ ਦੀ ਸੱਤਾ ਵਾਲੇ ਦਿੱਲੀ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਕਥਿਤ ਦੋਸ਼ ਲਾਏ ਗਏ ਸਨ। ‘ਆਪ’ ਵੱਲੋਂ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣਗੇ। ‘ਆਪ’ ਦੇ 62 ਵਿਧਾਇਕਾਂ ਦੀ ਰਾਏ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਭਾਜਪਾ ਵੱਲੋਂ ਮੌਜੂਦਾ ਕੌਂਸਲਰ ਨਾ ਦੁਹਰਾਉਣ ਦਾ ਸੰਕੇਤ
ਦਿੱਲੀ ਭਾਜਪਾ ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ 60-70 ਫ਼ੀਸਦ ਵਾਰਡਾਂ ‘ਤੇ ਆਪਣੇ ਮੌਜੂਦਾ ਕੌਂਸਲਰਾਂ ਨੂੰ ਨਾ ਦੁਹਰਾਉਣ ਦਾ ਸੰਕੇਤ ਦਿੱਤਾ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ ਹੋਣ ਵਾਲੀਆਂ ਚੋਣਾਂ ਲਈ ਤਿੰਨ ਪ੍ਰਮੁੱਖ ਪਾਰਟੀਆਂ ਭਾਜਪਾ, ‘ਆਪ’ ਅਤੇ ਕਾਂਗਰਸ ਨੇ ਆਪਣੀ ਰਣਨੀਤੀ ਅਤੇ ਉਮੀਦਵਾਰਾਂ ਦੀ ਚੋਣ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਵਾਰਡਾਂ ਦੀ ਘਟੀ ਗਿਣਤੀ, ਔਰਤਾਂ ਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਸੀਟਾਂ ਅਤੇ ਹੱਦਬੰਦੀ ਵਰਗੇ ਕਈ ਕਾਰਕਾਂ ਦੇ ਨਾਲ ਲਗਭਗ 60-70 ਫ਼ੀਸਦ ਮੌਜੂਦਾ ਕੌਂਸਲਰ ਪਾਰਟੀ ਟਿਕਟ ‘ਤੇ ਦਾਅਵੇ ਗੁਆ ਦੇਣਗੇ। ਉਨ੍ਹਾਂ ਕਿਹਾ ਕਿ 30 ਫ਼ੀਸਦੀ ਤੋਂ ਵੱਧ ਮੌਜੂਦਾ ਕੌਂਸਲਰਾਂ ਨੂੰ ਇਸ ਵਾਰ ਮੌਕਾ ਨਹੀਂ ਮਿਲੇਗਾ। ਬਹੁਤ ਸਾਰੇ ਵਾਰਡਾਂ ਵਿੱਚ ਚਿਹਰੇ ਬਦਲਣ ਦੇ ਕਈ ਕਾਰਨ ਸਨ। ਇਸ ਸਾਲ ਦੇ ਸ਼ੁਰੂ ਵਿੱਚ ਤਿੰਨ ਨਗਰ ਨਿਗਮਾਂ ਦੇ ਏਕੀਕਰਨ ਤੋਂ ਪਹਿਲਾਂ, ਵਾਰਡਾਂ ਦੀ ਕੁੱਲ ਗਿਣਤੀ 272 ਸੀ, ਜੋ ਹੁਣ 250 ਤੱਕ ਆ ਗਈ ਹੈ। ਵਾਰਡਾਂ ਦੀ ਰੋਟੇਸ਼ਨ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰੇ, ਜੋ ਪਹਿਲਾਂ ਔਰਤਾਂ ਜਾਂ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਸਨ, ਹੁਣ ਜਨਰਲ ਹੋ ਗਏ ਹਨ। ਇਸ ਦੇ ਉਲਟ ਕਈ ਜਨਰਲ ਵਾਰਡ ਰਾਖਵੇਂ ਹੋ ਗਏ ਹਨ।