ਡੀਸਾ (ਗੁਜਰਾਤ), 10 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦਾ ਹਰੇਕ ਵਿਅਕਤੀ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਦਾ ਸੰਕਲਪ ਲੈ ਰਿਹਾ ਹੈ ਅਤੇ ਅੱਜ ਇਤਿਹਾਸ ਸਿਰਜਣ ਦਾ ਮੌਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਤਹਿਤ 1.3 ਲੱਖ ਮਕਾਨਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਣ ਮਗਰੋਂ ਕਿਹਾ ਕਿ ਉਨ੍ਹਾਂ ਦੀ ਸਰਕਾਰ 25 ਕਰੋੜ ਲੋਕਾਂ ਨੂੰ ਗ਼ਰੀਬੀ ਵਿੱਚੋਂ ਕੱਢਣ ਵਿੱਚ ਸਫਲ ਰਹੀ ਹੈ ਅਤੇ ਇਨ੍ਹਾਂ ਯੋਜਨਾਵਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਦਲਿਤ, ਓਬੀਸੀ ਅਤੇ ਆਦਿਵਾਸੀ ਹਨ। ਉਨ੍ਹਾਂ ਕਿਹਾ ਕਿ ਕਿਸੇ ਗ਼ਰੀਬ ਕੋਲ ਆਪਣਾ ਘਰ ਹੋਣਾ ਉਸ ਦੇ ਬਿਹਤਰ ਭਵਿੱਖ ਦੀ ਗਾਰੰਟੀ ਹੈ।
ਮੋਦੀ ਨੇ ਕਿਹਾ, ‘‘ਅੱਜ ਦਾ ਸਮਾਂ ਇਤਿਹਾਸ ਸਿਰਜਣ ਦਾ ਹੈ।’’ ਉਨ੍ਹਾਂ ਕਿਹਾ ਕਿ ‘ਸਵਦੇਸ਼ੀ’ ਅਤੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ਆਜ਼ਾਦੀ ਹਰੇਕ ਵਿਅਕਤੀ ਦਾ ਮਕਸਦ ਬਣ ਗਈ ਸੀ ਅਤੇ ਅੱਜ ‘ਵਿਕਸਤ ਭਾਰਤ’ ਦੀ ਉਸਾਰੀ ਦੇਸ਼ ਲਈ ਸੰਕਲਪ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਬੱਚਿਆਂ ਸਮੇਤ ਅੱਜ ਹਰ ਕੋਈ ਚਾਹੁੰਦਾ ਹੈ ਕਿ ਭਾਰਤ ਅਗਲੇ 25 ਸਾਲਾਂ ਤੱਕ ਇੱਕ ਵਿਕਸਤ ਮੁਲਕ ਬਣੇ ਅਤੇ ਹਰੇਕ ਵਿਅਕਤੀ ਇਸ ਯਤਨ ਵਿੱਚ ਯੋਗਦਾਨ ਪਾ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘1.3 ਲੱਖ ਮਕਾਨਾਂ ਦੇ ਅੰਕੜੇ ਦੇਖੋ। ਇੱਥੋਂ ਤੱਕ ਕਿ ਜਦੋਂ ਮੈਂ ਪੀਐੱਮਏਵਾਈ ਤਹਿਤ ਕੌਮੀ ਪੱਧਰ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਤਾਂ ਮੈਂ ਐਨਾ ਵੱਡਾ ਅੰਕੜਾ ਨਹੀਂ ਦੇਖਿਆ। ਮੈਂ ਗੁਜਰਾਤ ਸਰਕਾਰ ਨੂੰ ਵਧਾਈ ਦਿੰਦਾ ਹਾਂ। ਕਿਸੇ ਵੀ ਗ਼ਰੀਬ ਵਿਅਕਤੀ ਲਈ ਉਸ ਕੋਲ ਆਪਣਾ ਘਰ ਹੋਣਾ ਉਸ ਦੇ ਬਿਹਤਰ ਭਵਿੱਖ ਦੀ ਗਾਰੰਟੀ ਹੈ।’’
ਮੋਦੀ ਨੇ ਕਿਹਾ, ‘‘ਸਾਡੀ ਸਰਕਾਰ ਦੀ ਗ਼ਰੀਬ ਹਿਤੈਸ਼ੀ ਯੋਜਨਾ ਦੇ ਸਭ ਤੋਂ ਵੱਡੇ ਲਾਭਪਾਤਰੀ ਦਲਿਤ, ਓਬੀਸੀ ਅਤੇ ਆਦਿਵਾਸੀ ਹਨ। ਜੇਕਰ ਮੋਦੀ ਦੀਆਂ ਗਾਰੰਟੀਆਂ ਦਾ ਕਿਸੇ ਨੂੰ ਸਭ ਤੋਂ ਵੱਧ ਫ਼ਾਇਦਾ ਹੋਇਆ ਹੈ ਤਾਂ ਉਹ ਇਹ ਪਰਿਵਾਰ ਹਨ।’’ ਉਨ੍ਹਾਂ ਕਿਹਾ, ‘‘ਗ਼ਰੀਬਾਂ ਵਿੱਚ ਹਰੇਕ ਭਾਈਚਾਰਾ ਸ਼ਾਮਲ ਹੈ। ਲੋਕ ਭਲਾਈ ਯੋਜਨਾਵਾਂ ਦਾ ਲਾਭ ਬਿਨਾਂ ਕਿਸੇ ਭੇਦ-ਭਾਵ ਦੇ ਦਿੱਤਾ ਗਿਆ ਹੈ। ਮੋਦੀ ਉਨ੍ਹਾਂ ਲੋਕਾਂ ਲਈ ਗਾਰੰਟੀ ਬਣ ਗਏ ਹਨ ਜਿਨ੍ਹਾਂ ਕੋਲ ਕੋਈ ਗਾਰੰਟੀ ਨਹੀਂ ਹੈ।’’ -ਪੀਟੀਆਈ