ਮੁਏਨਸਟਰ (ਜਰਮਨੀ), 4 ਨਵੰਬਰ
ਦੁਨੀਆ ਦੇ ਸੱਤ ਮੁੱਖ ਉਦਯੋਗਿਕ ਜਮਹੂਰੀ ਦੇਸ਼ਾਂ ਦੇ ਉੱਚ ਰਾਜਨੀਤਕਾਂ ਨੇ ਅੱਜ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨ ਦੀ ਹਮਾਇਤ ਕੀਤੀ ਅਤੇ ਆਲਮੀ ਸੰਕਟ ਦੌਰਾਨ ਦੌਰਾਨ ਚੀਨ ਦੇ ਵਧ ਰਹੇ ਹਮਲਾਵਰ ਰਵੱਈਏ ਪ੍ਰਤੀ ਇੱਕਜੁਟਤਾ ਦਿਖਾਈ। ਜੀ-7 ਵਿੱਚ ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜੀ7 ਦੇਸ਼ਾਂ ਦੇ ਗਰੁੱਪ ਦੇ ਵਿਦੇਸ਼ ਮੰਤਰੀਆਂ ਦੀ ਪੱਛਮੀ ਜਰਮਨੀ ਦੇ ਇਤਿਹਾਸਕ ਸ਼ਹਿਰ ਮੁਏਨਸਟਰ ਵਿੱਚ ਦੋ ਰੋਜ਼ਾ ਗੱਲਬਾਤ ਪੂਰੀ ਹੋਈ ਹੈ ਅਤੇ ਜੀ-7 ਇੱਕ ਬਿਆਨ ਜਾਰੀ ਕਰੇਗਾ ਜਿਸ ਵਿੱਚ ਯੂਕਰੇਨ, ਰੂਸ, ਚੀਨ, ਇਰਾਨ ਅਤੇ ਉਤਰੀ ਕੋਰੀਆ ਸਬੰਧੀ ਘਟਨਾਕ੍ਰਮ ‘ਤੇ ਸਾਂਝੇ ਰੁਖ ਦਾ ਐਲਾਨ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਸੱਤ ਦੇਸ਼ਾਂ ਦਾ ਸਮੂਹ ਰੂਸ ‘ਤੇ ਪਾਬੰਦੀਆਂ ਦਾ ਸਮਰਥਨ ਕਰ ਸਕਦਾ ਹੈ ਅਤੇ ਖੁਰਾਕੀ ਵਸਤਾਂ ਅਤੇ ਊਰਜਾ ਦੀ ਕਮੀ ਨਾਲ ਜੂਝ ਰਹੇ ਯੂਕਰੇਨ ਸਣੇ ਹੋਰ ਦੇਸ਼ਾਂ ਦੀ ਮਦਦ ਦਾ ਐਲਾਨ ਹੋ ਸਕਦਾ ਹੈ। ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਕਿਹਾ, ”ਇਹ ਬਹੁਤ ਜ਼ਰੂਰੀ ਹੈ ਕਿ ਜੀ-7 ਵਿੱਚ ਸ਼ਾਮਲ ਦੇਸ਼ ਰਣਨੀਤਕ ਤੌਰ ‘ਤੇ ਰੱਖੇ ਗਏ ਸਬਰ ਦੇ ਰੁਖ ‘ਤੇ ਕਾਇਮ ਰਹਿਣ ਤੇ ਹਮਲੇ ਤੋਂ ਆਪਣੀ ਰੱਖਿਆ ਕਰ ਰਹੇ ਯੂਕਰੇਨ ਦੇ ਲੋਕਾਂ ਦਾ ਸਮਰਥਨ ਜਾਰੀ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਦੀ ਮਦਦ ਕੀਤੀ ਜਾਵੇ ਜੋ ਪਹਿਲਾਂ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ।” ਮੰਤਰੀ ਰੂਸ ਨੂੰ ਹਥਿਆਰਾਂ ਦੀ ਕਥਿਤ ਸਪਲਾਈ ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਇਰਾਨ ਦੀ ਨਿਖੇਧੀ ਵੀ ਕਰਨਗੇ। ਉੱਤਰੀ ਕੋਰੀਆ ਦੀ ਫੌਜ ਵੱਲੋਂ ਕੀਤੀ ਗਈਆਂ ਸਰਗਰਮੀਆਂ ਕਾਰਨ ਏਸ਼ੀਆ ‘ਚ ਵਧੇ ਤਣਾਅ ਦੀ ਵੀ ਨਿਖੇਧੀ ਕੀਤੀ ਜਾਵੇਗੀ। ਕੈਨੇਡਿਆਈ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ, ”ਜੀ-7 ਵਜੋਂ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਸ਼ਾਂਤੀ ਬਰਕਰਾਰ ਰੱਖੀਏ।” -ਏਪੀ