ਦੁਬਈ, 19 ਅਗਸਤ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਐਲਾਨ ਕੀਤਾ ਹੈ ਕਿ ਜ਼ਿੰਬਾਬਵੇ 21 ਨਵੰਬਰ ਤੋਂ ਪੰਜ ਦਸੰਬਰ ਤੱਕ ਮਹਿਲਾਵਾਂ ਦੇ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ। ਨਿਊਜ਼ੀਲੈਂਡ ’ਚ ਅਗਲੇ ਸਾਲ ਚਾਰ ਮਾਰਚ ਤੋਂ ਤਿੰਨ ਅਪਰੈਲ ਤੱਕ ਚੱਲ ਵਾਲੇ ਮਹਿਲਾ ਵਿਸ਼ਵ ਕੱਪ ਲਈ ਤਿੰਨ ਕੁਆਲੀਫਾਇਰ ਦਾ ਐਲਾਨ ਕੀਤਾ ਗਿਆ ਹੈ ਜਦਕਿ 10 ਟੀਮਾਂ ਦੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਆਉਣ ਵਾਲੇ ਸਮੇਂ ’ਚ ਕੀਤਾ ਜਾਵੇਗਾ। ਕੁਆਲੀਫਾਇਰ ਤੋਂ ਆਉਣ ਵਾਲੀਆਂ ਟੀਮਾਂ ਪਹਿਲਾਂ ਹੀ ਆਈਸੀਸੀ ਮਹਿਲਾ ਚੈਂਪੀਅਨਸ਼ਿਪ ’ਚ ਕੁਆਲੀਫਾਈ ਕਰ ਚੁੱਕੀਆਂ ਪੰਜ ਟੀਮਾਂ ਆਸਟਰੇਲੀਆ, ਇੰਗਲੈਂਡ, ਭਾਰਤ, ਦੱਖਣੀ ਅਫਰੀਕਾ ਤੇ ਮੇਜ਼ਬਾਨ ਨਿਊਜ਼ੀਲੈਂਡ ਨਾਲ ਜੁੜਨਗੀਆਂ। ਆਈਸੀਸੀ ਦੇ ਟੂਰਨਾਮੈਂਟ ਮੁਖੀ ਕ੍ਰਿਸ ਟੈਟਲੀ ਨੇ ਕਿਹਾ, ‘ਸਾਡੇ ਕੈਲੰਡਰ ’ਚ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਕਾਫੀ ਅਹਿਮ ਟੂਰਨਾਮੈਂਟ ਹੈ ਕਿਉਂਕਿ ਇਸ ਨਾਲ ਟੀਮਾਂ ਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਹੀ ਮੌਕਾ ਨਹੀਂ ਮਿਲੇਗਾ ਬਲਕਿ ਇਸ ਨਾਲ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦੇ ਅਗਲੇ ਗੇੜ ਲਈ ਆਖਰੀ ਦੋ ਟੀਮਾਂ ਵੀ ਤੈਅ ਹੋਣਗੀਆਂ।’ -ਪੀਟੀਆਈ