ਹਿਸਾਰ: ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਮੰਜੂ ਰਾਣੀ (48 ਕਿਲੋ), ਏਸ਼ਿਆਈ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਨਿਖਿਤ ਜ਼ਰੀਨ (52 ਕਿਲੋ) ਅਤੇ ਪੰਜਾਬ ਦੀ ਕੋਮਲ (50 ਕਿਲੋ) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਕੌਮੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਪੰਜਾਬ ਦੀ ਕੋਮਲ ਨੇ 50 ਕਿਲੋ ਵਰਗ ਵਿੱਚ ਮਹਾਰਾਸ਼ਟਰ ਦੀ ਅੰਜਲੀ ਗੁਪਤਾ ਨੂੰ ਹਰਾਇਆ। ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰਐੱਸਪੀਬੀ) ਵੱਲੋਂ ਖੇਡ ਰਹੀ ਰਾਣੀ ਨੇ ਪੰਜਾਬ ਦੀ ਮੀਨਾਕਸ਼ੀ ਨੂੰ 5-0 ਨਾਲ ਹਰਾਇਆ। 48 ਕਿਲੋ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਤਾਮਿਲਨਾਡੂ ਦੀ ਐੱਸ. ਕਲਾਈਵਨੀ ਨੇ ਹਿਮਾਚਲ ਪ੍ਰਦੇਸ਼ ਦੀ ਜਯੋਤਿਕਾ ਬਿਸ਼ਟ ਨੂੰ 5-0 ਨਾਲ ਸ਼ਿਕਸਤ ਦਿੱਤੀ। ਅਸਾਮ ਦੀ ਜਮੁਨਾ ਬੋਰੋ ਨੇ 54 ਕਿਲੋ ਵਿੱਚ ਉਤਰਾਖੰਡ ਦੀ ਗਾਇਤਰੀ ਕਾਸਾਨਿਆਲ ਨੂੰ ਹਰਾ ਕੇ ਆਖ਼ਰੀ ਚਾਰ ’ਚ ਥਾਂ ਬਣਾਈ। ਨਿਖਿਤ ਨੇ 52 ਕਿਲੋ ਵਰਗ ਵਿੱਚ ਤਿਲੰਗਾਨਾ ਦੀ ਮੰਜੂ ਬਾਸੁਮੈਤਰੀ ਨੂੰ ਅਸਾਨੀ ਨਾਲ ਮਾਤ ਦੇ ਦਿੱਤੀ। -ਪੀਟੀਆਈ