ਫੁਕੂਸ਼ੀਮਾ (ਜਾਪਾਨ), 21 ਜੁਲਾਈ
ਟੋਕੀਓ ਓਲੰਪਿਕ ਖੇਡਾਂ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਅੱਜ ਸਾਫ਼ਟਬਾਲ ਦੇ ਮੁਕਾਬਲੇ ਸ਼ੁਰੂ ਹੋ ਗਏ। ਮੇਜ਼ਬਾਨ ਜਾਪਾਨ ਨੇ ਜੇਤੂ ਸ਼ੁਰੂਆਤ ਕਰਦਿਆਂ ਆਸਟਰੇਲੀਆ ਨੂੰ ਇਕਤਰਫ਼ਾ ਮੁਕਾਬਲੇ ਵਿੱਚ 8-1 ਦੀ ਸ਼ਿਕਸਤ ਦਿੱਤੀ। ਮੁਕਾਬਲਾ ਪੂਰੀ ਤਰ੍ਹਾਂ ਖਾਲੀ ਸਟੇਡੀਅਮ ਵਿੱਚ ਕਰਵਾਇਆ ਗਿਆ, ਜਿਸ ਵਿੱਚ 30 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ। ਮੈਚ ਦੌਰਾਨ 50 ਹੀ ਦਰਸ਼ਕ ਮੌਜੂਦ ਸਨ, ਜਿਸ ਵਿੱਚ ਟੀਮ, ਓਲੰਪਿਕ ਅਧਿਕਾਰੀ ਤੇ ਮੀਡੀਆ ਕਰਮੀ ਸ਼ਾਮਲ ਸਨ। ਉਧਰ ਅਮਰੀਕਾ ਨੇ ਵੀ ਜਿੱਤ ਨਾਲ ਆਗਾਜ਼ ਕਰਦਿਆਂ ਇਟਲੀ ਨੂੰ 2-0 ਨਾਲ ਹਰਾਇਆ। ਚੇਤੇ ਰਹੇ ਕਿ ਸਾਫਟਬਾਲ ਤੇ ਬੇਸਬਾਲ ਨੂੰ 2012 ਤੇ 2016 ਓਲੰਪਿਕ ਖੇਡਾਂ ’ਚੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਟੋਕੀਓ ਖੇਡਾਂ ਨਾਲ ਇਨ੍ਹਾਂ ਦੋਵਾਂ ਖੇਡ ਵੰਨਗੀਆਂ ਦੀ ਵਾਪਸੀ ਹੋਈ ਹੈ। ਹਾਲਾਂਕਿ ਪੈਰਿਸ 2024 ਖੇਡਾਂ ਵਿੱਚ ਮੁੜ ਇਨ੍ਹਾਂ ਖੇਡਾਂ ਦੀ ਗ਼ੈਰਹਾਜ਼ਰੀ ਰੜਕੇਗੀ। -ਪੀਟੀਆਈ