ਨਵੀਂ ਦਿੱਲੀ: ਬੀਸੀਸੀਆਈ ਦੀ ਜਨਰਲ ਬਾਡੀ ਮੀਟਿੰਗ ਨੇ ਸਤੰਬਰ ’ਚ ਆਈਪੀਐੱਲ ਦੇ ਬਾਕੀ ਮੈਚ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ ਬਾਰੇ ਅੰਤਿਮ ਫ਼ੈਸਲਾ ਲੈਣ ਲਈ ਬੀਸੀਸੀਆਈ ਨੇ ਆਈਸੀਸੀ ਤੋਂ ਅਜੇ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ ਤਾਂ ਕਿ ਭਾਰਤ ਵਿਚ ਕਰੋਨਾ ਦੀ ਸਥਿਤੀ ਦੇਖੀ ਜਾ ਸਕੇ। ਆਨਲਾਈਨ ਹੋਈ ਸਪੈਸ਼ਲ ਜਨਰਲ ਮੀਟਿੰਗ (ਐਸਜੀਐਮ) ਕਰੀਬ 50 ਮਿੰਟ ਤਕ ਚੱਲੀ। ਇਸ ਦੌਰਾਨ ਮੈਂਬਰਾਂ ਨੇ ਮੀਟਿੰਗ ਦੌਰਾਨ ਰੱਖੇ ਦੋਵਾਂ ਏਜੰਡਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਇਸ ਬਾਰੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਸਜੀਐਮ ਨੇ ਆਈਪੀਐਲ ਦੇ ਰਹਿੰਦੇ ਮੈਚ ਸਤੰਬਰ ਅਤੇ ਅਕਤੂਬਰ ਮਹੀਨੇ ਕਰਵਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਬਾਰੇ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਚਾਹੁੰਦੇ ਹਨ ਕਿ ਟੀ-20 ਵਿਸ਼ਵ ਕੱਪ ਅਕਤੂਬਰ ਦੇ ਆਖ਼ਰੀ ਹਫ਼ਤੇ ਭਾਰਤ ਵਿਚ ਹੋਵੇ ਪਰ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸ ਬਾਰੇ ਬੀਸੀਸੀਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਅਤੇ ਸਕੱਤਰ ਜਯ ਸ਼ਾਹ ਕੋਈ ਫ਼ੈਸਲਾ ਲੈਣ ਲਈ ਪਹਿਲੀ ਜੁਲਾਈ ਤਕ ਦੀ ਉਡੀਕ ਕਰਨਗੇ। ਉਸ ਤੋਂ ਬਾਅਦ ਐਸਜੀਐਮ ਦੀ ਅਗਲੀ ਮੀਟਿੰਗ ਵਿਚ ਟੀ-20 ਵਿਸ਼ਵ ਕੱਪ ਬਾਰੇ ਫ਼ੈਸਲਾ ਲਿਆ ਜਾਵੇਗਾ। ਗਾਂਗੁਲੀ, ਸ਼ਾਹ ਅਤੇ ਰਾਜੀਵ ਸ਼ੁਕਲਾ ਪਹਿਲੀ ਜੂਨ ਨੂੰ ਆਈਸੀਸੀ ਬੋਰਡ ਦੀ ਮੀਟਿੰਗ ਵਿਚ ਭਾਗ ਲੈਣ ਲਈ ਦੁਬਈ ਜਾਣਗੇ ਜਿੱਥ ਟੀ-20 ਵਿਸ਼ਵ ਕੱਪ ’ਤੇ ਚਰਚਾ ਹੋਵੇਗੀ। -ਪੀਟੀਆਈ