ਟੋਕੀਓ, 22 ਅਗਸਤ
ਭਾਰਤੀ ਦਲ ਦੇ ਮਿਸ਼ਨ ਪ੍ਰਮੁੱਖ ਗੁਰਸ਼ਰਨ ਸਿੰਘ ਨੇ ਅੱਜ ਕਿਹਾ ਕਿ ਮੰਗਲਵਾਰ ਨੂੰ ਟੋਕੀਓ ਪੈਰਾਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਦੇਸ਼ ਦੇ ਦਲ ਵਿਚੋਂ ਸਿਰਫ਼ ਛੇ ਅਧਿਕਾਰੀਆਂ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਮਿਲੀ ਹੈ। ਉਦਘਾਟਨੀ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ 11 ਮੈਂਬਰੀ ਦਲ ਕਰੇਗਾ। ਬਾਕੀ ਪੰਜ ਖਿਡਾਰੀ ਹਨ। ਉਦਘਾਟਨੀ ਸਮਾਗਮ ਵਿਚ ਖਿਡਾਰੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਪਰ ਹੁਣ ਤੱਕ ਸਿਰਫ਼ ਸੱਤ ਭਾਰਤੀ ਖਿਡਾਰੀ ਟੋਕੀਓ ਪਹੁੰਚੇ ਹਨ। ਇਨ੍ਹਾਂ ਸੱਤਾਂ ਵਿਚੋਂ ਵੀ ਦੋ ਟੇਬਲ ਟੈਨਿਸ ਖਿਡਾਰੀਆਂ ਸੋਨਲ ਪਟੇਲ ਤੇ ਭਾਵਿਨਾ ਪਟੇਲ ਦਾ ਬੁੱਧਵਾਰ ਨੂੰ ਖੇਡ ਮੁਕਾਬਲਾ ਹੈ। ਇਸ ਲਈ ਉਹ ਹਿੱਸਾ ਨਹੀਂ ਲੈ ਸਕਣਗੀਆਂ। ਜਪਾਨ ਦੇ ਰਾਜਾ ਨਾਰੂਹਿਤੋ ਖੇਡਾਂ ਦੀ ਸ਼ੁਰੂਆਤ ਕਰਨਗੇ। ਪੰਜ ਖਿਡਾਰੀ ਜਿਹੜੇ ਸਮਾਗਮ ਵਿਚ ਹਿੱਸਾ ਲੈ ਸਕਦੇ ਹਨ, ਉਨ੍ਹਾਂ ਵਿਚ ਮਰੀਅੱਪਨ ਥੰਗਾਵੇਲੂ, ਵਿਨੋਦ ਕੁਮਾਰ, ਟੇਕਚੰਦ ਤੇ ਜੈਦੀਪ ਅਤੇ ਸਕੀਨਾ ਖ਼ਾਤੂਨ ਸ਼ਾਮਲ ਹਨ। ਇਸ ਵਾਰ ਸਭ ਤੋਂ ਵੱਧ 54 ਖਿਡਾਰੀ ਟੋਕੀਓ ਉਲੰਪਿਕ ਵਿਚ ਹਿੱਸਾ ਲੈਣਗੇ। -ਪੀਟੀਆਈ