ਐਡਿਲੇਡ: ਏਟੀਪੀ ਟੂਰ ’ਤੇ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਭਾਰਤ ਦੇ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇੱਥੇ ਇਵਾਨ ਡੋਡਿਗ ਅਤੇ ਮਾਰਸੈਲੋ ਮੇਲੋ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਐਡੀਲੇਡ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਖ਼ਿਤਾਬ ਜਿੱਤ ਲਿਆ ਹੈ। ਭਾਰਤੀ ਜੋੜੀ ਨੇ ਇੱਕ ਘੰਟਾ 21 ਮਿੰਟਾਂ ਵਿਚ 7-6 (6), 6-1 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਦੋ ਵਾਰ ਸਰਵਿਸ ਤੋੜਦੇ ਹੋਏ ਸਾਰੇ ਚਾਰ ਬਰੇਕ ਪੁਆਇੰਟ ਬਚਾਏ। ਬੋਪੰਨਾ ਦਾ ਇਹ 20ਵਾਂ ਏਟੀਪੀ ਡਬਲਜ਼ ਖ਼ਿਤਾਬ ਹੈ ਅਤੇ ਰਾਮਕੁਮਾਰ ਦੇ ਨਾਲ ਉਨ੍ਹਾਂ ਦਾ ਇਹ ਪਹਿਲਾ ਖਿਤਾਬ ਹੈ। ਰਾਮਕੁਮਾਰ ਇਸ ਪੱਧਰ ’ਤੇ ਆਪਣਾ ਦੂਜਾ ਫਾਈਨਲ ਖੇਡ ਰਿਹਾ ਹੈ। ਉਹ 2018 ਵਿੱਚ ਹਾਲ ਆਫ ਫੇਮ ਟੈਨਿਸ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਿਹਾ ਸੀ। ਇਸ ਮੌਕੇ ਬੋਪੰਨਾ ਨੇ ਕਿਹਾ ਕਿ ਜਦੋਂ ਰਾਮਕੁਮਾਰ ਤੁਹਾਡੇ ਨਾਲ ਸਰਵਿਸ ਕਰ ਰਿਹਾ ਹੋਵੇ ਤਾਂ ਤੁਸੀਂ ਜਲਦੀ ਅੰਕ ਬਣਾ ਲੈਂਦੇ ਹੋ। ਇਸ ਜਿੱਤ ’ਤੇ ਜੋੜੀ ਨੂੰ 18,700 ਡਾਲਰ ਇਨਾਮ ਮਿਲੇਗਾ ਜਦੋਂਕਿ ਹਰੇਕ ਨੂੰ 250-250 ਰੈਕਿੰਗ ਅੰਕ ਮਿਲਣਗੇ। -ਪੀਟੀਆਈ