ਦੁਬਈ, 11 ਅਗਸਤ
ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਗੇਂਦਬਾਜ਼ੀ ਦਰਜਾਬੰਦੀ ਵਿੱਚ ਪਹਿਲੇ ਦਸ ਵਿੱਚ ਵਾਪਸੀ ਕੀਤੀ ਹੈ, ਪਰ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਸਤੰਬਰ 2019 ਵਿੱਚ ਆਪਣੇ ਕਰੀਅਰ ਦੇ ਸਰਵੋਤਮ ਤੀਜੇ ਨੰਬਰ ’ਤੇ ਪਹੁੰਚਣ ਵਾਲੇ ਬੁਮਰਾਹ ਨੇ ਨੌਟਿੰਘਮ ਟੈਸਟ ਮੈਚ ਵਿੱਚ 110 ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਉਹ ਦਸ ਸਥਾਨਾਂ ਦੇ ਫ਼ਾਇਦੇ ਨਾਲ ਗੇਂਦਬਾਜ਼ੀ ਸੂਚੀ ਵਿੱਚ ਨੌਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੋਹਲੀ ਪਹਿਲੇ ਟੈਸਟ ਮੈਚ ਵਿੱਚ ਖਾਤਾ ਨਹੀਂ ਖੋਲ੍ਹ ਸਕਿਆ, ਜਿਸ ਕਾਰਨ ਉਹ ਬੱਲੇਬਾਜ਼ੀ ਦਰਜਾਬੰਦੀ ਵਿੱਚ ਇੱਕ ਸਥਾਨ ਹੇਠਾਂ ਪੰਜਵੇਂ ਨੰਬਰ ’ਤੇ ਖਿਸਕ ਗਿਆ। ਇੰਗਲੈਂਡ ਦਾ ਕਪਤਾਨ ਜੋਅ ਰੂਟ ਉਸ ਦੀ ਥਾਂ ਚੌਥੇ ਨੰਬਰ ’ਤੇ ਕਾਬਜ਼ ਹੋ ਗਿਆ ਹੈ। ਰੂਟ ਨੇ ਮੈਚ ਦੌਰਾਨ 49 ਅਤੇ 109 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ, ਜਿਸ ਕਾਰਨ ਉਸ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਇਸ ਨਾਲ ਉਸ ਨੂੰ 49 ਦਰਜਾਬੰਦੀ ਅੰਕ ਮਿਲੇ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਪਹਿਲਾਂ ਵਾਂਗ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਨੰਬਰ ’ਤੇ ਬਰਕਰਾਰ ਹਨ। ਹਰਫ਼ਨਮੌਲਾ ਰਵਿੰਦਰ ਜਡੇਜਾ ਬੱਲੇਬਾਜ਼ੀ ਸੂਚੀ ਵਿੱਚ ਤਿੰਨ ਸਥਾਨਾਂ ਦੇ ਉਛਾਲ ਨਾਲ 36ਵੇਂ ਨੰਬਰ ’ਤੇ ਪਹੁੰਚ ਗਿਆ, ਜਦੋਂਕਿ ਕੇਐੱਲ ਰਾਹੁਲ ਨੇ 56ਵੇਂ ਸਥਾਨ ’ਤੇ ਵਾਪਸੀ ਕੀਤੀ ਹੈ। ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਜਡੇਜਾ ਦੂਜੇ ਨੰਬਰ ’ਤੇ ਕਾਬਜ਼ ਹੋ ਗਿਆ, ਜਿਸ ਨੂੰ ਇੱਕ ਸਥਾਨ ਦਾ ਫ਼ਾਇਦਾ ਹੋਇਆ। ਭਾਰਤ ਦਾ ਸੀਨੀਅਰ ਸਪਿੰਨਰ ਰਵੀਚੰਦਰਨ ਅਸ਼ਿਵਨ ਇਸ ਸੂਚੀ ਵਿੱਚ ਚੌਥੇ ਨੰਬਰ ’ਤੇ ਹੈ। -ਪੀਟੀਆਈ