ਕੇਪਟਾਊਨ, 13 ਜਨਵਰੀ
ਦੱਖਣੀ ਅਫਰੀਕਾ ਨੇ ਭਾਰਤ ਦੇ ਖ਼ਿਲਾਫ਼ ਤੀਸਰੇ ਅਤੇ ਫੈਸਲਾਕੁੰਨ ਟੈਸਟ ਮੈਚ ਦੇ ਤੀਸਰੇ ਦਿਨ ਵੀਰਵਾਰ ਨੂੰ ਇਥੇ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਦੂਸਰੀ ਪਾਰੀ ਵਿੱਚ ਦੋ ਵਿਕਟਾਂ ਗੁਆ ਕੇ 101 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਹਾਲੇ ਨਿਰਧਾਰਤ ਟੀਚੇ ਤੋਂ 111 ਦੌੜਾਂ ਪਿੱਛੇ ਹੈ। ਅੱਜ ਦੀ ਪਾਰੀ ਦੀ ਸਮਾਪਤੀ ਵੇਲੇ ਕੀਗਨ ਪੀਟਰਸਨ 48 ਦੌੜਾਂ ਬਣਾ ਕੇ ਕਰੀਜ਼ ’ਤੇ ਸੀ। ਟੀਮ ਇੰਡੀਆਂ ਨੇ ਆਪਣੀ ਪਹਿਲੀ ਪਾਰੀ ਵਿੱਚ 223 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ਵਿੱਚ ਟੀਮ 198 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ਦੇ ਇਸ ਸਕੋਰ ਵਿੱਚ ਰਿਸ਼ਭ ਪੰਤ ਦਾ ਸੈਂਕੜਾ ਵੀ ਸ਼ਾਮਲ ਹੈ ਜਿਸ ਨੇ 139 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਛੇ ਚੌਕੇ ਤੇ ਚਾਰ ਸਿਕਸਰ ਸ਼ਾਮਲ ਹਨ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 210 ਦੌੜਾਂ ਬਣਾਈਆਂ ਸਨ। ਸ਼ੁੱਕਰਵਾਰ ਨੂੰ ਚੌਥੇ ਦਿਨ ਦੇ ਖੇਡ ਦੌਰਾਨ ਭਾਰਤ ਤੇਜ਼ੀ ਨਾਲ ਵਿਕਟਾਂ ਲੈ ਕੇ ਦੱਖਣੀ ਅਫਰੀਕਾ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰੇਗਾ ਪਰ ਉਸ ਦੇ ਅੱਗੇ ਕੀਗਨ ਪੀਟਰਸਨ ਇਕ ਵੱਡੀ ਚੁਣੌਤੀ ਵਾਂਗ ਖੜ੍ਹਾ ਹੈ। ਉਸ ਨੇ ਐਲਗਰ (30) ਨਾਲ ਦੂਸਰੇ ਵਿਕਟ ਲਈ 78 ਦੌੜਾਂ ਦੀ ਸਾਂਝੇਦਾਰੀ ਕੀਤੀ। -ਪੀਟੀਆਈ