ਲੀਡਜ਼, 25 ਅਗਸਤ
ਜੇਮਸ ਐਂਡਰਸਨ ਦੀ ਅਗਵਾਈ ਵਿੱਚ ਤੇਜ਼ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਪਾਰੀ 78 ਦੌੜਾਂ ’ਤੇ ਸਮੇਟ ਦਿੱਤੀ ਅਤੇ ਇਸ ਮੁਕਾਬਲੇ ਵਿੱਚ ਬਿਨਾਂ ਕੋਈ ਵਿਕਟ ਗੁਆਏ 120 ਦੌੜਾਂ ਬਣਾ ਲਈਆਂ ਹਨ। ਇਸ ਤਰ੍ਹਾਂ ਮੈਚ ਵਿੱਚ ਇੰਗਲੈਂਡ ਦੀ ਸਥਿਤੀ ਮਜਬੂਤ ਹੋ ਗਈ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਹਸੀਬ ਹਮੀਦ (60) ਤੇ ਰੋਰੀ ਬਰਨਸ (52) ਵਿਚਾਲੇ ਸੈਂਕੜੇ ਦੀ ਅਟੁੱਟ ਸਾਂਝੇਦਾਰੀ ਜਾਰੀ ਹੈ ਤੇ ਦੋਵੇਂ ਜਣੇ ਅਰਧ ਸੈਂਕੜੇ ਜੜ੍ਹ ਕੇ ਕਰੀਜ਼ ’ਤੇ ਹਨ। ਇੰਗਲੈਂਡ ਨੇ ਪਹਿਲੀ ਪਾਰੀ ਦੇ ਆਧਾਰ ’ਤੇ 42 ਦੌੜਾਂ ਦੀ ਚੜ੍ਹਤ ਬਣਾ ਲਈ ਹੈ। ਬੁੱਧਵਾਰ ਨੂੰ ਟਾਸ ਜਿੱਤਣ ਮਗਰੋਂ ਕਰੀਜ਼ ’ਤੇ ਉਤਰੀ ਟੀਮ ਇੰਡੀਆ ਦੇ ਖਿਡਾਰੀ ਕੁੱਲ 78 ਦੌੜਾਂ ਬਣਾ ਕੇ ਆਲ-ਆਊਟ ਹੋ ਗਏ। ਭਾਰਤ ਤਰਫੋਂ ਰੋਹਿਤ ਸ਼ਰਮਾ (19) ਤੇ ਅਜਿੰਕਿਆ ਰਹਾਣੇ (18) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਇਸੇ ਦੌਰਾਨ ਇੰਗਲੈਂਡ ਤਰਫੋਂ ਜੇਮਸ ਐਂਡਰਸਨ ਤੇ ਕਰੇਗ ਓਵਰਟਨ ਨੇ ਤਿੰਨ-ਤਿੰਨ ਖਿਡਾਰੀ ਆਊਟ ਕੀਤੇ ਜਦੋਂ ਕਿ ਓਲੀ ਰੋਬਿਨਸਨ ਅਤੇ ਸੈਮ ਕੁਰੇਨ ਦੋ-ਦੋ ਵਿਕਟਾਂ ਲਈਆਂ। -ਪੀਟੀਆਈ