ਦੁਬਈ, 30 ਅਕਤੂਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਮਿਲੀ ਹਾਰ ਮਗਰੋਂ ਧਰਮ ਨੂੰ ਲੈ ਕੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਨੂੰ ‘ਰੀੜ੍ਹਹੀਣ ਲੋਕਾਂ ਦਾ ਸਮੂਹ’ ਕਰਾਰ ਦਿੱਤਾ। ਪਾਕਿਸਤਾਨ ਤੋਂ ਮਿਲੀ ਦਸ ਵਿਕਟਾਂ ਦੀ ਹਾਰ ਤੋਂ ਬਾਅਦ ਸ਼ਮੀ ਆਲੋਚਕਾਂ ਦੇ ਨਿਸ਼ਾਨੇ ਉਤੇ ਸਨ, ਹਾਲਾਂਕਿ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਸੀ ਕਿ ਪਾਕਿਸਤਾਨ ਨੇ ਭਾਰਤੀ ਕ੍ਰਿਕਟ ਟੀਮ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਕੋਹਲੀ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ‘ਮੈਦਾਨ ਉਤੇ ਸਾਡੇ ਖੇਡਣ ਦੀ ਇਕ ਚੰਗੀ ਵਜ੍ਹਾ ਹੈ, ਤੇ ਸੋਸ਼ਲ ਮੀਡੀਆ ਉਤੇ ਲਿਖਣ ਵਾਲੇ ਅਸੀਂ ਉਹ ਰੀੜ੍ਹਹੀਣ ਲੋਕ ਨਹੀਂ ਹਾਂ ਜਿਨ੍ਹਾਂ ਵਿਚ ਕਿਸੇ ਵਿਅਕਤੀ ਨਾਲ ਆਹਮੋ-ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਹੈ।’ ਕੋਹਲੀ ਨੇ ਕਿਹਾ ਕਿ ‘ਇਹ ਇਨਸਾਨੀਅਤ ਦਾ ਸਭ ਤੋਂ ਹੇਠਲਾ ਪੱਧਰ ਹੈ। ਕਿਸੇ ਉਤੇ ਧਰਮ ਦੇ ਆਧਾਰ ’ਤੇ ਹਮਲਾ ਕਰਨ ਨਾਲੋਂ ਵੱਧ ਨਿਰਾਸ਼ਾਜਨਕ ਕੁਝ ਨਹੀਂ ਹੋ ਸਕਦਾ।’ ਉਨ੍ਹਾਂ ਕਿਹਾ ‘ਕਦੇ ਧਰਮ ਦੇ ਅਧਾਰ ਉਤੇ ਕਿਸੇ ਨਾਲ ਪੱਖਪਾਤ ਕਰਨ ਬਾਰੇ ਸੋਚਿਆ ਤੱਕ ਨਹੀਂ। ਧਰਮ ਬਹੁਤ ਪਵਿੱਤਰ ਚੀਜ਼ ਹੈ।
ਸਾਡੇ ਭਾਈਚਾਰੇ ਤੇ ਦੋਸਤੀ ਨੂੰ ਹਿਲਾਇਆ ਨਹੀਂ ਜਾ ਸਕਦਾ ਤੇ ਇਨ੍ਹਾਂ ਚੀਜ਼ਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ।’ ਕੋਹਲੀ ਨੇ ਕਿਹਾ ਕਿ ਸ਼ਮੀ ਨੇ ਦੇਸ਼ ਲਈ ਮਹਾਨ ਯੋਗਦਾਨ ਦਿੱਤਾ ਹੈ ਤੇ ਪਿਛਲੇ ਕੁਝ ਸਾਲਾਂ ਵਿਚ ਕਈ ਮੈਚ ਜਿਤਾਏ ਹਨ। -ਪੀਟੀਆਈ