ਮੈਲਬਰਨ, 22 ਅਕਤੂਬਰ
ਆਈਸੀਸੀ ਵਿਸ਼ਵ ਕੱਪ ਵਿੱਚ ਪਿਛਲੀ ਵਾਰ ਪਾਕਿਸਤਾਨ ਖ਼ਿਲਾਫ਼ ਕਦੇ ਨਾ ਹਾਰਨ ਦਾ ਰਿਕਾਰਡ ਟੁੱਟਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਟੀ-20 ਦੇ ਆਪਣੇ ਪਹਿਲੇ ਸੁਪਰ 12 ਮੈਚ ਵਿੱਚ ਕੱਟੜ ਵਿਰੋਧੀ ਨੂੰ ਹਰਾ ਕੇ ਦੇਸ਼ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੇ ਇਰਾਦੇ ਨਾਲ ਐਤਵਾਰ ਨੂੰ ਮੈਦਾਨ ’ਚ ਉਤਰੇਗੀ। ਇਸ ਮੈਚ ’ਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇੱਥੋਂ ਦੇ ਮੌਸਮ ਮਾਹਿਰਾਂ ਮੁਤਾਬਕ ਪੂਰਾ ਮੈਚ ਰੱਦ ਹੋਣ ਦੀ ਸੰਭਾਵਨਾ ਘੱਟ ਹੈ। ਇਸ ਮੈਚ ਨੂੰ ਦੇਖਣ ਲਈ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਕ੍ਰਿਕਟ ਪ੍ਰੇਮੀ ਇੱਥੇ ਇਕੱਠੇ ਹੋਏ ਹਨ। ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਰੋਹਿਤ ਸ਼ਰਮਾ ਅਤੇ ਬਾਬਰ ਆਜ਼ਮ ਦੀਆਂ ਟੀਮਾਂ ਲਈ ਇਹ ਆਮ ਮੈਚ ਹੈ ਪਰ ਦੋਵਾਂ ਦੇਸ਼ਾਂ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਲਈ ਇਹ ਕਿਸੇ ਜੰਗ ਤੋਂ ਘੱਟ ਨਹੀਂ।