ਬਾਸੇਲ, 4 ਮਾਰਚ: ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਭਾਰਤ ਦਾ ਕਿਦਾਂਬੀ ਸ੍ਰੀਕਾਂਤ ਫਰਾਂਸ ਦੇ ਥਾਮਸ ਰੌਕਸੇਲ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪੁੱਜ ਗਿਆ ਹੈ। ਇਸੇ ਤਰ੍ਹਾਂ ਮਿਕਸਡ ਡਬਲਜ਼ ਸ਼੍ਰੇਣੀ ’ਚ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਅਸ਼ਿਵਨੀ ਪੋਨੱਪਾ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਖਿਡਾਰੀ ਰੀਨੋਵ ਰਿਵਾਲਡੀ ਤੇ ਪਿਥਾ ਹੈਨਿੰਵਟਿਆਸ ਮੇਂਟਾਰੀ ਦੀ ਜੋੜੀ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਸਵਿਸ ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਪੜਾਅ ਵਿੱਚ ਥਾਈਲੈਂਡ ਦੀ ਪੀ ਚਾਈਵਾਨ ਤੋਂ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। 58 ਮਿੰਟ ਚੱਲੇ ਮੁਕਾਬਲੇ ਦੌਰਾਨ ਸਾਇਨਾ 16-21, 21-17, 21-23 ਨਾਲ ਹਾਰੀ। ਇਸੇ ਦੌਰਾਨ ਪੀ ਵੀ ਸਿੰਧੂ, ਤੁਰਕੀ ਦੀ ਯੀਜਿਟ ਨੇਸਿਲਹਾਨ ਨੂੰ ਹਰਾ ਕੇ ਖੇਡ ਦੇ ਅਗਲੇ ਪੜਾਅ ’ਚ ਪੁੱਜ ਗਈ ਹੈ। ਹੁਣ ਸਿੰਧੂ ਦਾ ਸਾਹਮਣਾ ਅਮਰੀਕਾ ਦੀ ਈਰਿਸ ਵਾਂਗ ਨਾਲ ਹੋਵੇਗਾ।
-ਪੀਟੀਆਈ